ਚੇਨਈ (ਪੀਟੀਆਈ) : ਨੌਜਵਾਨ ਭਾਰਤੀ ਗਰੈਂਡ ਮਾਸਟਰ ਪ੍ਰਗਨਾਨੰਦ ਰਮੇਸ਼ ਬਾਬੂ ਨੇ ਹਮਵਤਨ ਗਰੈਂਡ ਮਾਸਟਰ ਵਿਦਿਤ ਗੁਜਰਾਤੀ ਨੂੰ ਹਰਾ ਕੇ ਮੇਲਟਵਾਟਰ ਚੈਂਪੀਅਨਜ਼ ਸ਼ਤਰੰਜ ਟੂਰ ਚੇਸਬੇਲ ਮਾਸਟਰਜ਼ 2022 ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

ਸ਼ੁਰੂਆਤੀ ਗੇੜ ਦੇ 15ਵੇਂ ਤੇ ਆਖ਼ਰੀ ਗੇੜ ਵਿਚ ਜਿੱਤ ਨਾਲ ਪ੍ਰਗਨਾਨੰਦ ਨੇ ਵਿਦਿਤ ਨੂੰ ਨਾਟਕਆਊਟ ਦੀ ਦੌੜ 'ਚੋਂ ਬਾਹਰ ਕਰ ਦਿੱਤਾ। ਕੁਆਰਟਰ ਫਾਈਨਲ ਵਿਚ 16 ਸਾਲ ਦੇ ਭਾਰਤੀ ਖਿਡਾਰੀ ਦਾ ਸਾਹਮਣਾ ਚੀਨ ਦੇ ਵੇਈ ਯੀ ਨਾਲ ਹੋਵੇਗਾ। ਛੇਵੇਂ ਗੇੜ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਵਾਲੇ ਪ੍ਰਗਨਾਨੰਦ 25 ਅੰਕ ਹਾਸਲ ਕਰ ਕੇ ਨੀਦਰਲੈਂਡ ਦੇ ਅਨੀਸ਼ ਗਿਰੀ (29), ਕਾਰਲਸਨ (28) ਤੇ ਚੀਨ ਦੇ ਡਿੰਗ ਲਿਰੇਨ (25) ਤੋਂ ਬਾਅਦ ਚੌਥੇ ਸਥਾਨ 'ਤੇ ਰਹੇ।

16 ਖਿਡਾਰੀਆਂ ਦੇ ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਦੋ ਹੋਰ ਭਾਰਤੀ ਪੀ ਹਰੀਕ੍ਰਿਸ਼ਨਾ ਤੇ ਵਿਦਿਤ ਸਿਖਰੇਲ ਅੱਠ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ। ਤਜਰਬੇਕਾਰ ਹਰੀਕ੍ਰਿਸ਼ਨਾ 18 ਅੰਕਾਂ ਨਾਲ ਨੌਵੇਂ, ਜਦਕਿ ਵਿਦਿਤ 17 ਅੰਕਾਂ ਨਾਲ 11ਵੇਂ ਸਥਾਨ 'ਤੇ ਰਹੇ। ਪ੍ਰਗਨਾਨੰਦ ਨੇ 13ਵੇਂ ਗੇੜ ਵਿਚ ਦੁਨੀਆ ਦੇ ਸਭ ਤੋਂ ਨੌਜਵਾਨ ਗਰੈਂਡ ਮਾਸਟਰ ਅਮਰੀਕਾ ਦੇ ਅਭਿਮਨਿਊ ਮਿਸ਼ਰਾ ਨੂੰ 41 ਚਾਲ ਵਿਚ ਹਰਾਇਆ ਸੀ ਜਦਕਿ 14ਵੇਂ ਗੇੜ ਵਿਚ ਉਨ੍ਹਾਂ ਨੇ ਅਮਰੀਕਾ ਦੇ ਹੀ ਸੈਮ ਸ਼ੇਂਕਲੈਂਡ ਨੂੰ ਡਰਾਅ 'ਤੇ ਰੋਕਿਆ।

ਵਿਦਿਤ ਖ਼ਿਲਾਫ਼ ਪ੍ਰਗਨਾਨੰਦ ਨੇ 35ਵੀਂ ਚਾਲ ਵਿਚ ਵਿਰੋਧੀ ਦੀ ਗ਼ਲਤੀ ਦਾ ਫ਼ਾਇਦਾ ਉਠਾਉਂਦੇ ਹੋਏ ਜਿੱਤ ਦਰਜ ਕੀਤੀ। ਪ੍ਰਗਨਾਨੰਦ ਨੇ ਨੀਦਰਲੈਂਡ ਦੇ ਗਰੈਂਡ ਮਾਸਟਰ ਜਾਰਡਨ ਵਾਨ ਫੋਰਿਸਟ ਤੇ ਏਰਿਕ ਹੇਨਸਨ ਨੂੰ ਵੀ ਹਰਾਇਆ। ਉਨ੍ਹਾਂ ਨੇ ਸ਼ੁਰੂਆਤੀ ਗੇੜ ਵਿਚ ਅੱਠ ਜਿੱਤਾਂ ਦਰਜ ਕੀਤੀਆਂ ਜਦਕਿ ਚਾਰ ਬਾਜ਼ੀਆਂ ਗੁਆਈਆਂ। ਉਨ੍ਹਾਂ ਦੀਆਂ ਤਿੰਨ ਹੋਰ ਬਾਜ਼ੀਆਂ ਡਰਾਅ ਰਹੀਆਂ।