ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸ਼ਾਨਦਾਰ ਸਟ੍ਰਾਇਕਰ ਸੁਨੀਲ ਛੇਤਰੀ ਐਤਵਾਰ ਨੂੰ ਏਐੱਫਸੀ ਏਸ਼ਿਆਈ ਕੱਪ ਵਿਚ ਥਾਈਲੈਂਡ 'ਤੇ ਮਿਲੀ ਜਿੱਤ ਵਿਚ ਦੋ ਗੋਲ ਕਰਨ ਨਾਲ ਅਰਜਨਟੀਨਾ ਦੇ ਸੁਪਰ ਸਟਾਰ ਲਿਓਨ ਮੈਸੀ ਨੂੰ ਗੋਲਾਂ ਦੀ ਗਿਣਤੀ ਦੇ ਮਾਮਲੇ ਵਿਚ ਪਛਾੜਨ ਵਿਚ ਕਾਮਯਾਬ ਰਹੇ ਪਰ ਉਨ੍ਹਾਂ ਲਈ ਇਹ ਰਿਕਾਰਡ ਮਾਅਨੇ ਨਹੀਂ ਰੱਖਦਾ। ਚਾਹੇ ਹੀ ਦੋਵੇਂ ਖਿਡਾਰੀਆਂ ਦਾ ਕੱਦ ਅੰਤਰਰਾਸ਼ਟਰੀ ਪੱਧਰ 'ਤੇ ਵੱਖ ਹੋਵੇ ਪਰ ਗੋਲ ਕਰਨ ਦੇ ਮਾਮਲੇ ਵਿਚ ਇਹ ਭਾਰਤੀ ਖਿਡਾਰੀ ਅੱਗੇ ਹੈ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਰਿਕਾਰਡ ਮਾਅਨੇ ਨਹੀਂ ਰੱਖਦੇ, ਗੋਲ ਕੌਣ ਕਰਦਾ ਹੈ ਇਹ ਮਾਅਨੇ ਨਹੀਂ ਰੱਖਦਾ। ਜੋ ਵੀ ਗੋਲ ਕਰਦਾ ਹੈ, ਜਸ਼ਨ ਮਨਾਉਣ ਦਾ ਤਰੀਕਾ ਇਕੋ ਹੁੰਦਾ ਹੈ। ਮੈਂ ਖ਼ੁਸ਼ ਹਾਂ ਕਿ ਅਸੀਂ ਇਸ ਮੈਚ ਵਿਚ ਤਿੰਨ ਅੰਕ ਹਾਸਲ ਕੀਤੇ। 34 ਸਾਲ ਦੇ ਖਿਡਾਰੀ ਦਾ ਦੂਜਾ ਗੋਲ ਵਿਸ਼ਵ ਪੱਧਰੀ ਗੋਲ ਸੀ, ਉਨ੍ਹਾਂ ਨੇ ਕਿਹਾ ਕਿ ਦਸ ਸਾਲ ਬਾਅਦ ਵੀ ਮੈਂ ਆਪਣੇ ਇਸ ਗੋਲ ਬਾਰੇ ਸੋਚ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਨੂੰ ਸਿਰਫ਼ ਮੈਚਾਂ 'ਤੇ ਧਿਆਨ ਲਾਉਣ ਦੀ ਲੋੜ ਹੈ। ਗੋਲ ਆਉਂਦੇ ਰਹਿਣ, ਇਸ ਦੀ ਲੋੜ ਹੈ, ਇਹ ਮਾਅਨੇ ਨਹੀਂ ਰੱਖਦਾ ਕਿ ਗੋਲ ਕੌਣ ਕਰਦਾ ਹੈ। ਛੇਤਰੀ ਨੇ ਕਿਹਾ ਕਿ ਜਦ ਵੀ ਕੋਈ ਗੋਲ ਕਰਦਾ ਹੈ, ਤੁਸੀਂ ਜਸ਼ਨ ਤੇ ਖ਼ੁਸ਼ੀ ਦੇਖ ਸਕਦੇ ਹੋ। ਮੈਂ ਮੁੰਡਿਆਂ ਲਈ ਬਹੁਤ ਖ਼ੁਸ਼ ਹਾਂ। ਹਰ ਖਿਡਾਰੀ ਦੌੜਦਾ ਰਿਹਾ ਤੇ ਬਿਹਤਰੀਨ ਡਿਫੈਂਸ ਦਿਖਾਇਆ। ਉਨ੍ਹਾਂ ਨੇ ਅਗਲੇ ਮੁਕਾਬਲਿਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਦ ਅਸੀਂ ਸੋਚਣਾ ਸ਼ੁਰੂ ਕੀਤਾ ਕਿ ਇਹ ਅੌਖਾ ਪੂਲ ਹੈ, ਸਾਨੂੰ ਲੱਗਾ ਕਿ ਸਾਰੀਆਂ ਹੋਰ ਟੀਮਾਂ ਸਾਡੇ ਤੋਂ ਜ਼ਿਆਦਾ ਤਜਰਬੇਕਾਰ ਤੇ ਬਿਹਤਰ ਹਨ ਪਰ ਜਿਸ ਤਰ੍ਹਾਂ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ, ਬਿਹਤਰੀਨ ਜਜ਼ਬਾ ਦਿਖਾਇਆ ਉਹ ਸ਼ਾਨਦਾਰ ਰਿਹਾ। ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਾਡੇ ਖ਼ਿਲਾਫ਼ ਖੇਡਣਾ ਬਹੁਤ ਮੁਸ਼ਕਲ ਹੈ। ਛੇਤਰੀ ਨੇ ਕਿਹਾ ਕਿ ਅਸੀਂ ਚਾਹੇ ਜ਼ਿਆਦਾ ਤਕਨੀਕ ਵਾਲੀ ਟੀਮ ਨਹੀਂ ਹਾਂ ਪਰ ਅਸੀਂ ਅੰਤ ਤਕ ਜੂਝਦੇ ਹਾਂ ਤੇ ਮੁੰਡਿਆਂ ਨੇ ਇਹੀ ਕੀਤਾ।