ਲੰਡਨ (ਏਪੀ) : ਟਾਟੇਨਹਮ ਦੇ ਡਿਫੈਂਡਰਾਂ ਨੇ ਆਸਾਨੀ ਨਾਲ ਗੋਲ ਗੁਆ ਦਿੱਤੇ ਜਿਸ ਕਾਰਨ ਚੇਲਸੀ ਨੇ ਲੀਗ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੇ ਪਹਿਲੇ ਗੇੜ ਵਿਚ ਟਾਟੇਨਹਮ ਨੂੰ 2-0 ਨਾਲ ਹਰਾਇਆ। ਚੇਲਸੀ ਨੇ ਕਾਈ ਹਾਰਵੇਟੇਜ ਦੇ ਗੋਲ ਨਾਲ ਸ਼ੁਰੂਆਤੀ ਬੜ੍ਹਤ ਬਣਾ ਲਈ ਸੀ ਪਰ ਟਾਟੇਨਹਮ ਦੇ ਬੇਨ ਡੇਵਿਸ ਨੇ ਆਤਮਘਾਤੀ ਗੋਲ ਕਰ ਕੇ ਚੇਲਸੀ ਦੀ ਬੜ੍ਹਤ ਨੂੰ ਮਜ਼ਬੂਤ ਕਰ ਦਿੱਤਾ। ਚੇਲਸੀ ਲਈ ਰਾਹਤ ਦੀ ਗੱਲ ਇਹ ਵੀ ਰਹੀ ਕਿ ਉਸ ਦੇ ਸਟ੍ਰਾਈਕਰ ਰੋਮੇਲੂ ਲੁਕਾਕੂ ਜਨਤਕ ਤੌਰ 'ਤੇ ਕਲੱਬ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਮਾਫੀ ਮੰਗ ਕੇ ਮੁੜ ਗਏ। ਇਸ ਤੋਂ ਪਹਿਲਾਂ ਚੇਲਸੀ ਵੱਲੋਂ ਹਾਰਵੇਟੇਜ ਨੇ ਮਾਰਕੋ ਓਲੋਂਸੋ ਦੇ ਪਾਸ 'ਤੇ ਪੰਜਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ।

ਇਸ ਤੋਂ ਬਾਅਦ ਪਹਿਲਾ ਅੱਧ ਖ਼ਤਮ ਹੋਣ ਤੋਂ ਕੁਝ ਦੇਰ ਪਹਿਲਾਂ ਟਾਟੇਨਹਮ ਦੇ ਡੇਵਿਸ ਨੇ ਆਤਮਘਾਤੀ ਗੋਲ ਕਰ ਕੇ ਚੇਲਸੀ ਦਾ ਸਕੋਰ 2-0 ਕਰ ਦਿੱਤਾ। ਦੂਜੇ ਅੱਧ ਵਿਚ ਚੇਲਸੀ ਦੀ ਟੀਮ ਚਾਹੇ ਹੋਰ ਗੋਲ ਨਹੀਂ ਕਰ ਸਕੀ ਪਰ ਉਸ ਨੇ ਟਾਟੇਨਹਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਤੇ ਬਰਾਬਰੀ ਜਾਂ ਬੜ੍ਹਤ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਬੁੱਧਵਾਰ ਨੂੰ ਦੂਜੇ ਗੇੜ ਦਾ ਮੁਕਾਬਲਾ ਟਾਟੇਨਹਮ ਦੇ ਘਰੇਲੂ ਮੈਦਾਨ 'ਤੇ ਖੇਡਿਆ ਜਾਵੇਗਾ।