ਟੋਕੀਓ (ਏਪੀ) : ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਇਸ ਹਫ਼ਤੇ ਦੇ ਅੰਤ ਵਿਚ ਹੋਣ ਵਾਲੀ ਵਾਟਰ ਪੋਲੋ ਟੈਸਟ ਚੈਂਪੀਅਨਸ਼ਿਪ ਨੂੰ ਰੱਦ ਕਰ ਦਿੱਤਾ। ਜਾਪਾਨ ਦੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਬੰਧਕੀ ਕਮੇਟੀ ਦੇ ਅਧਿਕਾਰੀਆਂ ਨੇ ਹਾਲਾਂਕਿ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਤੋਂ ਇਨਕਾਰ ਕਰ ਦਿੱਤਾ। ਉਥੇ ਤੈਰਾਕੀ ਦੀਆਂ ਵੀ ਦੋ ਚੈਂਪੀਅਨਸ਼ਿਪਾਂ ਰੱਦ ਹੋ ਗਈਆਂ ਹਨ। ਇਕ ਰਿਪੋਰਟ ਮੁਤਾਬਕ ਜਾਪਾਨ ਵਿਚ ਪ੍ਰਵੇਸ਼ ਦੀ ਸਖ਼ਤ ਪ੍ਰਕਿਰਿਆ ਕਾਰਨ ਤਕਨੀਕੀ ਅਧਿਕਾਰੀ ਦੇਸ਼ ਵਿਚ ਨਹੀਂ ਆ ਸਕਦੇ। ਇਸ ਚੈਂਪੀਅਨਸ਼ਿਪ ਨੂੰ ਰੱਦ ਕਰਨ ਦੀਆਂ ਖ਼ਬਰਾਂ ਉਸ ਸਮੇਂ ਆਈਆਂ ਹਨ ਜਦ ਪਿਛਲੇ ਸਾਲ ਮੁਲਤਵੀ ਕੀਤੇ ਗਏ ਓਲੰਪਿਕ ਦੇ ਸ਼ੁਰੂ ਹੋਣ 'ਚ ਬਹੁਤ ਘੱਟ ਸਮਾਂ ਬਚਿਆ ਹੈ। ਚੈਂਪੀਅਨਸ਼ਿਪ ਦਾ ਰੱਦ ਹੋਣਾ ਮਹਾਮਾਰੀ ਵਿਚਾਲੇ ਟੋਕੀਓ ਓਲੰਪਿਕ ਖੇਡਾਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਬੰਧਕਾਂ ਲਈ ਝਟਕਾ ਹੋ ਸਕਦਾ ਹੈ। ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ। ਉਥੇ ਤੈਰਾਕੀ ਦੀ ਵਿਸ਼ਵ ਪੱਧਰੀ ਸੰਸਥਾ ਫਿਨਾ ਨੇ ਕਿਹਾ ਹੈ ਕਿ 18-23 ਅਪ੍ਰਰੈਲ ਤਕ ਟੋਕੀਓ ਵਿਚ ਹੋਣ ਵਾਲੇ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਗਿਆ ਤੇ ਇਕ ਤੋਂ ਚਾਰ ਮਈ ਤਕ ਹੋਣ ਵਾਲੀ ਕਲਾਤਮਕ ਤੈਰਾਕੀ ਚੈਂਪੀਅਨਸ਼ਿਪ ਨਾਲ ਵੀ ਅਜਿਹਾ ਹੀ ਹੋਇਆ।