ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਗਰਾਸ ਰੂਟ ਤੋਂ ਕੌਮੀ ਤੇ ਕੌਮਾਂਤਰੀ ਖਿਡਾਰੀ ਤਲਾਸ਼ਣ ਦੀ ਮੁਹਿੰਮ ਤਹਿਤ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਵੱਲੋਂ ਸੂਬਿਆਂ 'ਚ ਚਾਰ ਸਾਲ 'ਚ ਇਕ ਹਜ਼ਾਰ ਖੇਲੋ ਇੰਡੀਆ ਕੇਂਦਰ (ਕੇਆਈਸੀ) ਖੋਲ੍ਹਣ ਦੀ ਯੋਜਨਾ ਅਮਲ 'ਚ ਲਿਆਂਦੀ ਜਾਵੇਗੀ। ਕੇਂਦਰੀ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੰਮੂ-ਕਸ਼ਮੀਰ, ਲੱਦਾਖ, ਦਮਨ ਤੇ ਦਿਓ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਤੇ ਨੌਰਥ-ਈਸਟ ਸਟੇਟਸ ਨੂੰ ਵਿਸ਼ੇਸ ਰਿਆਇਤ ਦੇਣ ਸਦਕਾ ਇਨ੍ਹਾਂ ਰਾਜਾਂ 'ਚ ਖੇਲੋ ਇੰਡੀਆ ਕੇਂਦਰ ਖੋਲ੍ਹਣ ਦੀ ਮਿਆਦ ਪੰਜ ਸਾਲਾ ਹੋਵੇਗੀ। ਸਪੋਰਟਸ ਐਂਡ ਯੂਥ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਓਲੰਪਿਕ ਤੇ ਹੋਰ ਕੌਮਾਂਤਰੀ ਟੂਰਨਾਮੈਂਟਾਂ 'ਚ ਮਿਆਰੀ ਪ੍ਰਦਰਸ਼ਨ ਰਾਹੀਂ ਤਮਗੇ ਜਿੱਤਣ ਦੇ ਰਾਹ ਪਾਉਣ ਲਈ ਕੇਂਦਰੀ ਖੇਡ ਮੰਤਰਾਲਾ ਤੇ ਸੈਂਟਰਲ ਸਪੋਰਟਸ ਵਿਭਾਗ ਵੱਲੋਂ ਹਰ ਸੂਬੇ ਨੂੰ ਖੇਲੋ ਇੰਡੀਆ ਸੈਟਰਜ਼ ਰਾਹੀਂ ਇਸ ਮੁਹਿੰਮ 'ਚ ਸ਼ਾਮਲ ਹੋਣ ਲਈ ਹੱਲਾਸ਼ੇਰੀ ਦਿੱਤੀ ਗਈ ਹੈ। ਸਾਈ ਦੇ ਬੁਲਾਰੇ ਨੇ ਸਾਫ ਕੀਤਾ ਹੈ ਕਿ ਪਹਿਲੇ ਸਾਲ 100 ਖੇਲੋ ਇੰਡੀਆ ਖੇਡ ਕੇਂਦਰ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਹਰ ਸਾਲ 300 ਖੇਲੋ ਇੰਡੀਆ ਸੈਂਟਰ ਖੋਲ੍ਹਣ ਦੀ ਤਿਆਰੀ ਖਿੱਚ ਲਈ ਗਈ ਹੈ। ਇਨ੍ਹਾਂ ਖੇਡ ਸੈਂਟਰਾਂ 'ਚ ਕੇਵਲ ਓਲੰਪਿਕ 'ਚ ਖੇਡੀਆਂ ਜਾਣ ਵਾਲੀਆਂ 14 ਖੇਡਾਂ ਹਾਕੀ, ਤੀਰਅੰਦਾਜ਼ੀ, ਜੂਡੋ, ਰੋਇੰਗ, ਤੈਰਾਕੀ, ਫੈਸਿੰਗ, ਐਥਲੈਟਿਕਸ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਸਾਈਕਿਲੰਗ, ਬੈਡਮਿੰਟਨ, ਸ਼ੂਟਿੰਗ, ਵੇਟਲਿਫਟਿੰਗ ਅਤੇ ਟੇਬਲ-ਟੈਨਿਸ ਦੀ ਸਿਖਲਾਈ ਦਿੱਤੀ ਜਾ ਸਕੇਗੀ। ਇਨ੍ਹਾਂ 14 ਖੇਡਾਂ ਤੋਂ ਇਲਾਵਾ ਫੁੱਟਬਾਲ ਤੇ ਹੋਰ ਰਵਾਇਤੀ ਖੇਡਾਂ ਨੂੰ ਵੀ ਸਾਈ ਦੇ ਖੇਲੋ ਇੰਡੀਆ ਸੈਂਟਰਜ਼ 'ਚ ਟ੍ਰੇਨਿੰਗ ਦੇਣ ਦੀ ਮਨਜ਼ੂਰੀ ਹੋਵੇਗੀ। ਸਾਈ ਵੱਲੋਂ ਮਾਨਤਾ ਪ੍ਰਰਾਪਤ ਇਨ੍ਹਾਂ ਖੇਡ ਅਦਾਰਿਆਂ 'ਚ ਚੈਂਪੀਅਨ ਖਿਡਾਰੀ ਜਾਂ ਐਨਆਈਐਸ ਕੋਚਿਜ਼ ਵੱਲੋਂ ਖੇਡ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਕੇਂਦਰੀ ਖੇਡ ਵਿਭਾਗ ਤੇ ਸਾਈ ਦਾ ਮਾਹਿਰਾਂ ਦਾ ਮੰਨਣਾ ਹੈ ਕਿ ਸਾਬਕਾ ਖਿਡਾਰੀਆਂ ਦੇ ਹੱਥਾਂ 'ਚ ਜ਼ਿੰਮੇਵਾਰੀ ਦੇਣ ਨਾਲ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾਣਗੇ। ਸਾਬਕਾ ਖਿਡਾਰੀਆਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਖੋਲ੍ਹੇ ਜਾਣ ਵਾਲੇ ਖੇਲੋ ਇੰਡੀਆਂ ਖੇਡ ਸੈਂਟਰਾਂ 'ਚ ਉੱਭਰਦੇ ਖਿਡਾਰੀਆਂ ਨੂੰ ਕੌਮਾਂਤਰੀ ਲੈਵਲ ਦੀ ਖੇਡ ਸਿਖਲਾਈ ਹਾਸਲ ਹੋਵੇਗੀ। ਦੂਜਾ ਸਾਬਕਾ ਖਿਡਾਰੀਆਂ ਵੱਲੋਂ ਖੇਲੋ ਇੰਡੀਆ ਦੇ ਪ੍ਰਰੋਗਰਾਮ ਨਾਲ ਜੁੜਨ ਸਦਕਾ ਉਨ੍ਹਾਂ ਦੀ ਕਮਾਈ ਦਾ ਸੋਮਾ ਵਿਕਸਤ ਹੋਵੇਗਾ। ਹਰ ਖਿਡਾਰੀ ਆਪਣੇ ਜ਼ਿਲ੍ਹੇ 'ਚ ਕੇਵਲ ਇਕ ਖੇਡ ਸੈਂਟਰ ਲਈ ਹੀ ਅਪਲਾਈ ਕਰ ਸਕੇਗਾ। ਕੇਂਦਰੀ ਸਪੋਰਟਸ ਡਾਇਰੈਕਟੋਰੇਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਸਾਈ ਨੇ ਪਹਿਲੇ ਪੜਾਅ 'ਚ ਹਰ ਰਾਜ ਤੋਂ ਖੇਲੋ ਇੰਡੀਆ ਖੇਡ ਸੈਂਟਰ ਚੁਣਨ ਲਈ ਪ੍ਰਸਤਾਵ ਮੰਗੇ ਹਨ। ਇਸ ਉਪਰੰਤ ਰਾਜਾਂ ਵੱਲੋਂ ਭੇਜੇ ਖਰੜਿਆਂ ਨੂੰ ਸੈਂਟਰਲ ਖੇਡ ਵਿਭਾਗ ਦੇ ਅਧਿਕਾਰੀ ਆਪਣੀਆਂ ਗਾਈਡਲਾਈਨਜ਼ 'ਤੇ ਖਰੇ ਉਤਰਨ ਵਾਲਿਆਂ ਦੀ ਚੋਣ ਕਰ ਕੇ ਸਾਈ ਦੇ ਖੇਤਰੀ ਦਫਤਰਾਂ ਨੂੰ ਭੇਜਣਗੇ। ਇਸ ਤੋਂ ਬਾਅਦ ਸਾਈ ਦੀ ਸਿਲੈਕਸ਼ਨ ਟੀਮ ਪੂਰੇ ਦੇਸ਼ 'ਚ ਖੇਲੋ ਇੰਡੀਆ ਖੇਡ ਸੈਂਟਰ ਖੋਲ੍ਹਣ ਵਾਲੇ ਰਾਜਾਂ ਦੇ ਨਾਂਵਾਂ ਬਾਰੇ ਅੰਤਿਮ ਨਿਰਣਾ ਕਰੇਗੀ। ਸਾਈ ਦੀਆਂ ਹਦਾਇਤਾਂ ਅਨੁਸਾਰ ਇਕ ਖੇਡ ਸੈਂਟਰ 'ਚ ਇਕ ਹੀ ਗੇਮ ਦੀ ਟ੍ਰੇਨਿੰਗ ਕਰਨ ਦੀ ਇਜਾਜ਼ਤ ਹੋਵੇਗੀ ਜਦਕਿ ਇਕ ਖੇਡ ਸੰਸਥਾ ਤਿੰਨ ਖੇਡਾਂ ਦੀ ਸਿਖਲਾਈ ਦੇਣ ਦੇ ਪੈਮਾਨੇ ਦੀ ਯੋਗਤਾ 'ਤੇ ਖਰੀ ਉਤਰਦੀ ਹੈ।

ਦਿੱਤੀ ਜਾਵੇਗੀ 10 ਲੱਖ ਰੁਪਏ ਦੀ ਰਕਮ : ਕੇਂਦਰੀ ਖੇਡ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਸਾਈ ਸਾਬਕਾ ਚੈਂਪੀਅਨ ਖਿਡਾਰੀ ਤੇ ਟ੍ਰੇਨਰ ਨੂੰ ਕੁੱਲ 10 ਲੱਖ ਰੁਪਏ ਦਿੱਤੇ ਜਾਣਗੇ। ਇਸ 10 ਲੱਖ ਦੀ ਰਾਸ਼ੀ 'ਚੋਂ 5 ਲੱਖ ਰੁਪਏ ਸੈਂਟਰ ਖੋਲ੍ਹਣ ਲਈ ਅਤੇ ਪੰਜ ਲੱਖ ਰੁਪਏ ਚਾਰ ਸਾਲ ਖ਼ਰਚ ਕਰਨ ਲਈ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚੈਂਪੀਅਨ ਖਿਡਾਰੀ ਜਾਂ ਕੋਚ ਆਪਣੇ ਸੈਂਟਰ 'ਚ ਲੋੜ ਅਨੁਸਾਰ ਚਾਰ ਸਾਲ ਲਈ ਤਿੰਨ ਲੱਖ ਸੈਲਰੀ ਵਾਲੇ ਅਸਿਸਟੈਂਟ ਕੋਚ ਦੀ ਨਿਯੁਕਤੀ ਵੀ ਕਰ ਸਕਦਾ ਹੈ। ਟ੍ਰੇਂਡ ਕੋਚ ਜਾਂ ਸਾਬਕਾ ਚੈਂਪੀਅਨ ਖਿਡਾਰੀ ਬਾਕੀ ਬਚੇ ਦੋ ਲੱਖ ਰੁਪਏ ਸੈਂਟਰ ਦੇ ਰੱਖ-ਰਖਾਅ, ਖੇਡ ਕਿੱਟ, ਖੇਡ ਸਮੱਗਰੀ ਤੇ ਖੇਡਾਂ ਦੇ ਹੋਰ ਖੇਡ ਪ੍ਰਬੰਧਾਂ 'ਤੇ ਖਰਚਣ ਲਈ ਆਜ਼ਾਦ ਹੋਵੇਗਾ।

ਨਵੇਂ ਖਿਡਾਰੀਆਂ ਤੋਂ ਲਈ ਜਾ ਸਕਦੀ ਹੈ ਫੀਸ : ਖੇਲ ਸੈਂਟਰ ਸੰਚਾਲਕ ਵਿੱਤੀ ਸਾਧਨ ਬਰਕਰਾਰ ਰੱਖਣ ਲਈ ਨਵੇਂ ਖਿਡਾਰੀਆਂ ਤੋਂ ਸਹੀ ਫੀਸ ਦੀ ਉਗਰਾਹੀ ਵੀ ਕਰ ਸਕਦਾ ਹੈ। ਚਾਰ ਸਾਲ ਬਾਅਦ ਚੈਂਪੀਅਨ ਖਿਡਾਰੀ ਤੇ ਟ੍ਰੇਨਰ ਦੀ ਪਹਿਚਾਣ ਇਕ ਸਰਬੋਤਮ ਸਿਖਲਾਇਰ ਦੇ ਰੂਪ 'ਚ ਹੋਣ ਨਾਲ ਉਹ ਆਪਣੇ ਖੇਲੋ ਸੈਂਟਰਾਂ 'ਚ ਖਿਡਾਰੀਆਂ ਦੀ ਸਿਖਲਾਈ ਜਾਰੀ ਰੱਖ ਸਕਣਗੇ। ਇਸ ਦੌਰਾਨ ਕੌਮਾਂਰਤੀ ਖਿਡਾਰੀ ਤੇ ਕੋਚਿਜ਼ ਜ਼ਿਲ੍ਹਾ ਪੱਧਰ 'ਤੇ ਸਕੂਲ, ਕਾਲਜ ਤੇ ਹੋਰ ਖੇਡ ਸੰਸਥਾਵਾਂ ਦੇ ਗਰਾਊਂਡ ਤੇ ਹੋਰ ਖੇਡ ਇੰਫਰਾਸਟਰਕਚਰ ਨੂੰ ਵਰਤੋਂ 'ਚ ਲਿਆ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਐਮਓਯੂ ਸਾਈਨ ਕਰਨਾ ਪਵੇਗਾ। ਇਕ ਸੰਸਥਾ ਨੂੰ ਕੇਵਲ ਤਿੰਨ ਖੇਡਾਂ ਦੀ ਸਿਖਲਾਈ ਦੇਣ ਦੀ ਮਨਜ਼ੂਰੀ ਮਿਲੇਗੀ।

ਦਿੱਗਜਾਂ ਨੂੰ ਦਿੱਤੀ ਜਾਵੇਗੀ ਤਰਜੀਹ : ਖੇਲੋ ਇੰਡੀਆ ਵੱਲੋਂ ਸਾਬਕਾ ਚੈਂਪੀਅਨ ਖਿਡਾਰੀਆਂ ਦੀ ਪਹਿਚਾਣ ਦਾ ਫਾਰਮੂਲਾ ਤਿਆਰ ਕੀਤਾ ਗਿਆ ਹੈ। ਇਸ ਫਾਰਮੂਲੇ ਤਹਿਤ ਤਿਆਰ ਪਲਾਨਿੰਗ ਅਨੁਸਾਰ ਚੈਂਪੀਅਨ ਖਿਡਾਰੀ ਜਾਂ ਤਾਂ ਖੁਦ ਆਪਣੀ ਖੇਡ ਅਕੈਡਮੀ ਚਲਾਉਣ ਜਾਂ ਬਤੌਰ ਕੋਚ ਉਨ੍ਹਾਂ ਨੂੰ ਖੇਲੋ ਇੰਡੀਆ ਸੈਂਟਰਾਂ 'ਚ ਕੋਚਿੰਗ ਦੇਣੀ ਹੋਵੇਗੀ। ਸਾਈ ਵੱਲੋਂ ਉਨ੍ਹਾਂ ਚੈਂਪੀਅਨ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਵੱਲੋਂ ਮਾਨਤਾ ਪ੍ਰਰਾਪਤ ਕੌਮਾਂਤਰੀ ਟੂਰਨਾਮੈਂਟਾਂ 'ਚ ਨੈਸ਼ਨਲ ਫਾਊਂਡੇਸ਼ਨ ਵੱਲੋਂ ਹਿੱਸਾ ਲਿਆ ਹੋਵੇਗਾ। ਇਸ ਤੋਂ ਇਲਾਵਾ ਨੈਸ਼ਨਲ ਚੈਂਪੀਅਨ ਤੇ ਖੇਲੋ ਇੰਡੀਆ 'ਚ ਮੈਡਲ ਜੇਤੂ ਰਹੇ ਪਲੇਅਰਜ਼ ਵੀ ਅਕੈਡਮੀ ਖੋਲ੍ਹਣ ਲਈ ਦਰਖ਼ਾਸਤ ਕਰਨ ਦੇ ਯੋਗ ਹੋਣਗੇ। ਆਲ ਇੰਡੀਆ ਯੂਨੀਵਰਸਿਟੀਜ਼ ਗੇਮਜ਼ ਦੇ ਤਮਗਾ ਜੇਤੂਆਂ ਨੂੰ ਤੀਜੀ ਕੈਟੇਗਿਰੀ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਸਟੇਟ ਦੀ ਪ੍ਰਤੀਨਿੱਧਤਾ ਕਰਨ ਵਾਲੇ ਮੈਡਲ ਜੇਤੂਆਂ ਨੂੰ ਚੌਥੀ ਸ਼੍ਰੇਣੀ 'ਚ ਰੱਖਿਆ ਗਿਆ ਹੈ।