ਲੰਡਨ (ਏਐੱਫਪੀ) : ਯੂਏਫਾ ਚੈਂਪੀਅਨਜ਼ ਲੀਗ 'ਚ ਮੰਗਲਵਾਰ ਨੂੰ ਗਰੁੱਪ-ਈ ਵਿਚ ਮੌਜੂਦਾ ਚੈਂਪੀਅਨ ਲਿਵਰਪੂਲ ਆਸਟਰੀਅਨ ਕਲੱਬ ਸਲਜ਼ਬਰਗ ਨਾਲ ਭਿੜੇਗਾ ਜਿੱਥੇ ਇੰਗਲਿਸ਼ ਫੁੱਟਬਾਲ ਕਲੱਬ ਦੀ ਕੋਸ਼ਿਸ਼ ਹਾਰ ਤੋਂ ਬਚਣ ਦੀ ਹੋਵੇਗੀ। ਹਾਲਾਂਕਿ ਸਲਜ਼ਬਰਗ ਦੇ ਦਨਾਦਨ ਗੋਲ ਕਰਨ ਦੀ ਸ਼ੈਲੀ ਨਾਲ ਲਿਵਰਪੂਲ ਨੂੰ ਗਰੁੱਪ ਗੇੜ 'ਚੋਂ ਹੀ ਬਾਹਰ ਹੋਣ ਦਾ ਡਰ ਸਤਾ ਰਿਹਾ ਹੈ। ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਦੀ ਟੀਮ ਪਿਛਲੇ ਦੋ ਸੈਸ਼ਨਾਂ ਵਿਚ ਫਾਈਨਲ ਖੇਡਣ ਤੋਂ ਪਹਿਲਾਂ ਆਪਣੇ ਘਰੇਲੂ ਮੈਚਾਂ ਦੇ ਦਮ 'ਤੇ ਨਾਕਆਊਟ ਗੇੜ ਵਿਚ ਪੁੱਜਣ ਵਿਚ ਕਾਮਯਾਬ ਰਹੀ ਹੈ ਪਰ ਮੌਜੂਦਾ ਸੈਸ਼ਨ ਵਿਚ ਚੋਟੀ 'ਤੇ ਹੋਣ ਦੇ ਬਾਵਜੂਦ ਲਿਵਰਪੂਲ 'ਤੇ ਗਰੁੱਪ ਗੇੜ 'ਚੋਂ ਹੀ ਬਾਹਰ ਹੋਣ ਦਾ ਖ਼ਤਰਾ ਮੰਡਰਾਅ ਰਿਹਾ ਹੈ। ਮੌਜੂਦਾ ਸੈਸ਼ਨ ਵਿਚ ਆਸਟਰੀਅਨ ਚੈਂਪੀਅਨ ਸਲਜ਼ਬਰਗ ਦੇ ਇਰਲਿੰਗ ਬਰਾਟ ਹਾਲੈਂਡ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ 'ਚ ਸ਼ਾਮਲ ਹਨ ਜੋ ਸੱਟ ਦੀ ਮੁਸ਼ਕਲ ਤੋਂ ਪਰੇਸ਼ਾਨ ਚੱਲ ਰਹੇ ਹਨ। ਲਿਵਰਪੂਲ ਨੇ ਪਿਛਲੇ 14 ਮੁਕਾਬਲਿਆਂ ਵਿਚ ਪਹਿਲੀ ਵਾਰ ਸ਼ਨਿਚਰਵਾਰ ਨੂੰ ਬਾਰਨੇਮਾਊਥ ਖ਼ਿਲਾਫ਼ ਕਲੀਨ ਸ਼ੀਟ (ਬਿਨਾਂ ਕੋਈ ਗੋਲ ਖਾਧੇ) ਹਾਸਲ ਕੀਤਾ ਪਰ ਇਸ ਦੌਰਾਨ ਉਸ ਨੂੰ ਸੱਟ ਕਾਰਨ ਆਪਣੇ ਸੈਂਟਰ ਬੈਕ ਖਿਡਾਰੀ ਡੇਜਾਨ ਲੋਵਰੇਨ ਨੂੰ ਗੁਆਉਣਾ ਪਿਆ। ਲੋਵਰੇਨ ਸਲਜ਼ਬਰਗ ਖ਼ਿਲਾਫ਼ ਮੁਕਾਬਲੇ ਵਿਚ ਨਹੀਂ ਖੇਡ ਸਕਣਗੇ। ਇਸ ਕਾਰਨ ਸੈਂਟਰ ਡਿਫੈਂਸ ਵਿਚ ਲਿਵਰਪੂਲ ਲਈ ਵਿਰਗਿਲ ਵਾਨ ਡਿਜਕ ਨੂੰ ਸਿਰਫ਼ ਜਾਏ ਗੋਮੇਜ ਦਾ ਸਾਥ ਮਿਲੇਗਾ। ਉਥੇ ਸਲਜ਼ਬਰਗ ਨੂੰ ਪਿਛਲੇ 25 ਸਾਲਾਂ ਵਿਚ ਪਹਿਲੀ ਵਾਰ ਆਖ਼ਰੀ-16 ਵਿਚ ਥਾਂ ਬਣਾਉਣ ਲਈ ਸਿਰਫ਼ ਇਕ ਜਿੱਤ ਦੀ ਲੋੜ ਹੈ ਹਾਲਾਂਕਿ ਲਿਵਰਪੂਲ ਲਈ ਡਰਾਅ ਨਾਲ ਵੀ ਕੰਮ ਬਣ ਜਾਵੇਗਾ ਪਰ ਇਸ ਲਈ ਉਸ ਨੂੰ ਗਰੁੱਪ-ਈ ਵਿਚ ਹੀ ਨਾਪੋਲੀ ਤੇ ਰੇਸਿੰਗ ਜੇਂਕ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ। ਓਧਰ ਗਰੁੱਪ-ਜੀ ਵਿਚ ਲਿਓਨ ਦਾ ਸਾਹਮਣਾ ਆਰਬੀ ਲਿਪਜਿਗ ਨਾਲ ਤੇ ਬੇਨਫਿਕਾ ਦਾ ਸਾਹਮਣਾ ਸੇਂਟ ਪੀਟਰਜ਼ਬਰਗ ਨਾਲ ਹੋਵੇਗਾ। ਇੰਟਰ ਮਿਲਾਨ ਦਾ ਗਰੁੱਪ ਐੱਫ ਵਿਚ ਬਾਰਸੀਲੋਨਾ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਹੋਰ ਮੁਕਾਬਲਿਆਂ ਵਿਚ ਗਰੁੱਪ-ਐੱਚ ਵਿਚ ਚੇਲਸੀ ਦੀ ਟੀਮ ਲਿਲੀ ਨਾਲ ਤੇ ਗਰੁੱਪ ਐੱਚ ਵਿਚ ਹੀ ਅਜਾਕ ਦੀ ਟੀਮ ਵੇਲੇਂਸੀਆ ਨਾਲ ਭਿੜੇਗੀ।

ਨੰਬਰ ਗੇਮ

-16 ਗੋਲ ਸਲਜ਼ਬਰਗ ਨੇ ਸਭ ਤੋਂ ਜ਼ਿਆਦਾ ਗਰੁੱਪ-ਈ ਵਿਚ ਕੀਤੇ ਹਨ, ਜਦਕਿ ਲਿਵਰਪੂਲ 11 ਗੋਲਾਂ ਦੇ ਨਾਲ ਇਸ ਮਾਮਲੇ ਵਿਚ ਦੂਜੇ ਸਥਾਨ 'ਤੇ ਹੈ

-08 ਗੋਲਾਂ ਨਾਲ ਸਲਜ਼ਬਰਗ ਦੇ ਇਰਲਿੰਗ ਬਰਾਟ ਹਾਲੈਂਡ ਚੈਂਪੀਅਨਜ਼ ਲੀਗ ਦੇ ਮੌਜੂਦਾ ਸੈਸ਼ਨ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲ ਖਿਡਾਰੀਆਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹਨ।

-10 ਅੰਕਾਂ ਨਾਲ ਲਿਵਰਪੂਲ ਗਰੁੱਪ-ਈ ਵਿਚ ਚੋਟੀ 'ਤੇ ਹੈ ਜਦਕਿ ਨਾਪੋਲੀ ਨੌਂ ਅੰਕਾਂ ਨਾਲ ਦੂਜੇ ਤੇ ਸਲਜ਼ਬਰਗ ਸੱਤ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

ਚੈਂਪੀਅਨਜ਼ ਲੀਗ

-ਗਰੁੱਪ-ਈ ਵਿਚ ਮੌਜੂਦਾ ਚੈਂਪੀਅਨ ਦਾ ਆਸਟਰੀਅਨ ਕਲੱਬ ਨਾਲ ਹੋਵੇਗਾ ਮੁਕਾਬਲਾ

-ਸਲਜ਼ਬਰਗ ਦੀ ਧਮਾਕੇਦਾਰ ਗੋਲ ਕਰਨ ਦੀ ਸ਼ੈਲੀ ਨੇ ਕਲੋਪ ਦੀਆਂ ਮੁਸ਼ਕਲਾਂ ਵਧਾਈਆਂ