ਮਾਨਚੈਸਟਰ (ਏਐੱਫਪੀ) : ਯੂਏਫਾ ਚੈਂਪੀਅਨਜ਼ ਲੀਗ ਵਿਚ ਮੰਗਲਵਾਰ ਦੇਰ ਰਾਤ ਨੂੰ ਇੰਗਲਿਸ਼ ਫੁੱਟਬਾਲ ਕਲੱਬ ਮਾਨਚੈਸਟਰ ਸਿਟੀ ਨੇ ਇਟਾਲੀਅਨ ਕਲੱਬ ਅਟਲਾਂਟਾ ਨੂੰ 5-1 ਨਾਲ ਕਰਾਰੀ ਮਾਤ ਦਿੱਤੀ ਜਿੱਥੇ ਸਿਟੀ ਦੇ ਸਟਾਰ ਖਿਡਾਰੀ ਰਹੀਮ ਸਟਰਲਿੰਗ ਨੇ ਸਿਰਫ਼ 11 ਮਿੰਟਾਂ ਅੰਦਰ ਹੈਟਿ੍ਕ ਲਾਈ। ਗਰੁੱਪ-ਸੀ 'ਚ ਏਤਿਹਾਦ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਅਟਲਾਂਟਾ ਦੇ ਰੁਸਲਾਨ ਮਾਲਿਨੋਵਸਕੀ (28ਵੇਂ ਮਿੰਟ) ਨੇ ਪਹਿਲੇ ਅੱਧ ਵਿਚ ਪੈਨਲਟੀ ਕਿੱਕ 'ਤੇ ਗੋਲ ਕਰ ਕੇ ਸਿਟੀ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਸਿਟੀ ਨੇ ਜਲਦੀ ਵਾਪਸੀ ਕੀਤੀ ਤੇ ਸਰਜੀਓ ਅਗਿਊਰੋ (34ਵੇਂ ਤੇ 38ਵੇਂ ਮਿੰਟ) ਨੇ ਚਾਰ ਮਿੰਟ ਅੰਦਰ ਦੋ ਗੋਲ ਕਰ ਕੇ ਸਿਟੀ ਨੂੰ ਬੜ੍ਹਤ ਦਿਵਾ ਦਿੱਤੀ। ਅਗਿਊਰੋ ਦੇ ਦੋਵਾਂ ਗੋਲਾਂ ਵਿਚ ਸਟਰਲਿੰਗ ਦੇ ਪਾਸ ਦੀ ਅਹਿਮ ਭੂਮਿਕਾ ਰਹੀ। ਇਸ ਤੋਂ ਬਾਅਦ ਸਟਰਲਿੰਗ (58ਵੇਂ, 64ਵੇਂ ਤੇ 69ਵੇਂ ਮਿੰਟ) ਨੇ ਤਿੰਨ ਵਾਰ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਇਸ ਸੈਸ਼ਨ ਦੀ ਦੂਜੀ ਹੈਟਿ੍ਕ ਮੁਕੰਮਲ ਕੀਤੀ। ਗਾਰਡੀਓਲਾ ਦੇ ਮਾਰਗਦਰਸ਼ਨ ਵਿਚ ਪਿਛਲੇ 18 ਮਹੀਨੇ ਵਿਚ ਸਟਰਲਿੰਗ ਨੇ ਖ਼ੁਦ ਨੂੰ ਇਕ ਪਲੇਅ ਮੇਕਰ ਤੋਂ ਇਕ ਬਿਹਤਰੀਨ ਫਿਨਿਸ਼ਰ ਦੇ ਰੂਪ ਵਿਚ ਬਦਲਿਆ ਹੈ। ਇਸ ਮੁਕਾਬਲੇ ਤੋਂ ਬਾਅਦ ਗਾਰਡੀਓਲਾ ਨੇ ਕਿਹਾ ਕਿ ਇਸ ਜਿੱਤ ਦਾ ਸਾਰਾ ਮਾਣ ਸਟਰਲਿੰਗ ਨੂੰ ਜਾਂਦਾ ਹੈ। ਉਹ ਸਰੀਰਕ ਤੌਰ 'ਤੇ ਕਾਫੀ ਯੋਗ ਖਿਡਾਰੀ ਹਨ। ਉਹ ਬਹੁਤ ਮਜ਼ਬੂਤ ਹਨ। ਉਹ ਇਕ ਸ਼ਾਨਦਾਰ ਖਿਡਾਰੀ ਹਨ। ਸਿਟੀ ਨੇ ਗਰੁੱਪ ਸੀ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ ਤੇ ਉਹ ਗਰੁੱਪ ਸੂਚੀ ਵਿਚ ਨੌਂ ਅੰਕਾਂ ਨਾਲ ਚੋਟੀ 'ਤੇ ਕਾਇਮ ਹਨ। ਸਿਟੀ ਨੇ ਦੂਜੇ ਸਥਾਨ 'ਤੇ ਕਾਬਜ ਡਾਇਨਮੋ ਜਾਗਰੇਬ 'ਤੇ ਪੰਜ ਅੰਕਾਂ ਦੀ ਬੜ੍ਹਤ ਬਣਾ ਲਈ ਜਿਸ ਨੇ ਮੰਗਲਵਾਰ ਨੂੰ ਇਕ ਹੋਰ ਮੁਕਾਬਲੇ ਵਿਚ ਸ਼ਾਖਤਾਰ ਡੋਨੇਸਕ ਨੂੰ 2-2 ਦੀ ਬਰਾਬਰੀ 'ਤੇ ਰੋਕਿਆ।

ਐਮਬਾਪੇ ਦੇ ਦਮ 'ਤੇ ਜਿੱਤਿਆ ਪੀਐੱਸਜੀ :

ਬਰੂਗ : ਚੈਂਪੀਅਨਜ਼ ਲੀਗ ਦੇ ਗਰੁੱਪ ਏ ਵਿਚ ਫਰੈਂਚ ਕਲੱਬ ਪੈਰਿਸ ਸੇਂਟ ਜਰਮੇਨ ਨੇ ਬੈਲਜੀਅਮ ਦੇ ਕਲੱਬ ਬਰੂਗ 'ਤੇ 5-0 ਦੀ ਧਮਾਕੇਦਾਰ ਜਿੱਤ ਦਰਜ ਕੀਤੀ ਜਿੱਥੇ ਬਦਲਵੇਂ ਖਿਡਾਰੀ ਵਜੋਂ ਉਤਰੇ ਕਾਇਲੀਅਨ ਐਮਬਾਪੇ ਨੇ ਸ਼ਾਨਦਾਰ ਹੈਟਿ੍ਕ ਲਾਈ। ਇਸ ਜਿੱਤ ਨਾਲ ਪੀਐੱਸਜੀ ਆਖ਼ਰੀ-16 ਵਿਚ ਥਾਂ ਬਣਾਉਣ ਦੇ ਨੇੜੇ ਪੁੱਜ ਗਿਆ।

ਡਾਇਬਾਲਾ ਨੇ ਜੁਵੈਂਟਸ ਨੂੰ ਬਚਾਇਆ :

ਤੁਰਿਨ : ਗਰੁੱਪ ਬੀ ਵਿਚ ਇਟਾਲੀਅਨ ਚੈਂਪੀਅਨ ਜੁਵੈਂਟਸ ਨੇ ਰੂਸੀ ਕਲੱਬ ਲੋਕੋਮੋਟਿਵ ਮਾਸਕੋ ਨੂੰ 2-1 ਨਾਲ ਹਰਾਇਆ ਜਿੱਥੇ ਜੇਤੂ ਟੀਮ ਵੱਲੋਂ ਪਾਲੋ ਡਾਇਬਾਲਾ ਨੇ ਦੂਜੇ ਅੱਧ ਵਿਚ ਦੋ ਮਿੰਟ ਅੰਦਰ ਦੋ ਗੋਲ ਕੀਤੇ। ਤੈਅ ਸਮੇਂ ਤੋਂ 13 ਮਿੰਟ ਪਹਿਲਾਂ ਜੁਵੈਂਟਸ ਦੀ ਟੀਮ ਲੋਕੋਮੋਟਿਵ ਦੇ ਏਲੇਕਸੀ ਮਿਰਾਚਕ ਵੱਲੋਂ ਪਹਿਲੇ ਅੱਧ ਵਿਚ ਕੀਤੇ ਗਏ ਗੋਲ ਕਾਰਨ ਪੱਛੜ ਰਹੀ ਸੀ।

ਬਾਇਰਨ ਤੇ ਟਾਟੇਨਹਮ ਨੂੰ ਮਿਲੀ ਜਿੱਤ :

ਜਰਮਨ ਕਲੱਬ ਬਾਇਰਨ ਮਿਊਨਿਖ ਨੇ ਚੈਂਪੀਅਨਜ਼ ਲੀਗ ਦੇ ਗਰੁੱਪ ਬੀ ਵਿਚ ਯੂਨਾਨੀ ਕਲੱਬ ਓਲੰਪੀਆਕੋਸ ਨੂੰ 3-2 ਨਾਲ ਹਰਾ ਦਿੱਤਾ। ਰਾਬਰਟੋ ਲੇਵਾਂਦੋਵਸਕੀ ਨੇ ਆਪਣੇ ਸ਼ਾਨਦਾਰ ਦੌਰ ਨੂੰ ਜਾਰੀ ਰੱਖਦੇ ਹੋਏ ਦੋ ਗੋਲ ਕੀਤੇ ਤੇ ਆਪਣੀ ਟੀਮ ਨੂੰ ਮੁੜ ਤੋਂ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚਾ ਦਿੱਤਾ। ਓਧਰ ਇਸ ਗਰੁੱਪ ਦੇ ਇਕ ਹੋਰ ਮੁਕਾਬਲੇ ਵਿਚ ਇੰਗਲਿਸ਼ ਕਲੱਬ ਟਾਟੇਨਹਮ ਨੇ ਸਰਬੀਆਈ ਕਲੱਬ ਰੈੱਡ ਸਟਾਰ ਬੇਲਗ੍ਰੇਡ ਨੂੰ 5-0 ਨਾਲ ਕਰਾਰੀ ਮਾਤ ਦਿੱਤੀ।