ਜਤਿੰਦਰ ਪੰਮੀ, ਜਲੰਧਰ : ਸਾਈ ਵੱਲੋਂ ਐੱਨਆਈਐੱਸ ਪਟਿਆਲਾ ਵਿਖੇ ਚਲਾਏ ਜਾ ਰਹੇ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਲਈ ਪੂਰੇ ਦੇਸ਼ ਵਿਚੋਂ ਖਿਡਾਰੀਆਂ ਦੇ ਸਾਲ 2020-21 ਲਈ ਚੋਣ ਟਰਾਇਲ 12 ਤੋਂ 14 ਫਰਵਰੀ ਤਕ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਈਡੀ ਆਰਐੱਸ ਬਿਸ਼ਨੋਈ ਨੇ ਦੱਸਿਆ ਕਿ ਇਹ ਚੋਣ ਟਰਾਇਲ ਮੁੰਡੇ ਤੇ ਕੁੜੀਆਂ ਦੋਵਾਂ ਵਰਗਾਂ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚ ਅਥਲੈਟਿਕਸ (ਸਪਰਿੰਟਸ, ਮਿਡਲ ਤੇ ਲੰਬੀ ਦੂਰੀ ਦੀਆਂ ਦੌੜਾਂ, ਜੰਪ, ਸ਼ਾਟਪੁਟ, ਡਿਸਕਸ, ਹੈਮਰ, ਜੈਵਲਿਨ ਤੇ ਕੰਬਾਈਂਡ ਈਵੈਂਟਸ) ਦੇ ਚੋਣ ਟਰਾਇਲ ਲਈ ਖਿਡਾਰੀ ਦੀ ਉਮਰ 16 ਤੋਂ 25 ਸਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ 2018-19 'ਚ ਕੌਮੀ ਮੁਕਾਬਲੇ 'ਚੋਂ ਸਾਰੇ ਵਰਗਾਂ ਲਈ ਪਹਿਲੀਆਂ ਚਾਰ ਪੁਜੀਸ਼ਨਾਂ ਹਾਸਲ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਸਾਈਕਲਿੰਗ ਲਈ ਉਮਰ 15 ਤੋਂ 23 ਸਾਲ, ਹਾਕੀ ਸਿਰਫ ਲੜਕੀਆਂ ਉਮਰ 15 ਤੋਂ 18 ਸਾਲ ਤੇ ਕੌਮਾਂਤਰੀ ਮੁਕਾਬਲੇ 'ਚ ਹਿੱਸਾ ਲੈਣ ਤੇ ਨੈਸ਼ਨਲ ਮੁਕਾਬਲੇ ਜੂਨੀਅਰ, ਸਬ ਜੂਨੀਅਰ, ਖੇਲੋ ਇੰਡੀਆ, ਨੈਸ਼ਨਲ ਸਕੂਲ ਗੇਮਜ਼ ਤੇ ਅੰਤਰ 'ਵਰਸਿਟੀ 'ਚੋਂ ਪੁਜੀਸ਼ਨ ਹੋਲਡਰ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ। ਜੂਡੋ 15 ਸਾਲ ਤੋਂ ਵੱਧ ਉਮਰ ਦੇ ਖਿਡਾਰੀ, ਤਾਈਕਵਾਂਡੋ 'ਚ 14 ਤੋਂ 20 ਸਾਲ ਦੇ ਖਿਡਾਰੀ ਤੇ ਵੇਟਲਿਫਟਿੰਗ ਵਿਚ 13 ਤੋਂ 21 ਸਾਲ ਦੇ ਖਿਡਾਰੀ ਜੋ ਕੌਮਾਂਤਰੀ ਪੱਧਰ 'ਤੇ ਹਿੱਸਾ ਲੈਣ ਤੇ ਨੈਸ਼ਨਲ ਪੱਧਰ 'ਤੇ ਪੁਜੀਸ਼ਨ ਹੋਲਡਰ ਹਿੱਸਾ ਲੈਣ ਦੇ ਯੋਗ ਹਨ, ਇਨ੍ਹਾਂ ਚੋਣ ਟਰਾਇਲਾਂ ਵਿਚ ਹਿੱਸਾ ਲੈ ਸਕਦੇ ਹਨ।

ਖਿਡਾਰੀਆਂ ਨੂੰ ਸਰਕਾਰ ਦੇਵੇਗੀ ਮੁਫ਼ਤ ਸਹੂਲਤਾਂ

ਆਰਐੱਸ ਬਿਸ਼ਨੋਈ ਨੇ ਅੱਗੇ ਦੱਸਿਆ ਕਿ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਜਨਮ ਮਿਤੀ, ਆਧਾਰ ਕਾਰਡ, ਖੇਡਾਂ ਦੇ ਸਰਟੀਫਿਕੇਟ, ਮੈਡੀਕਲ ਫਿਟਨੈੱਸ, ਪੜ੍ਹਾਈ ਤੇ ਆਚਰਣ ਸਰਟੀਫਿਕੇਟ ਤੇ ਚਾਰ ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਚੋਣ ਕਮੇਟੀ ਕੋਲ ਰਿਪੋਰਟ ਕਰ ਸਕਦੇ ਹਨ। ਚੁਣੇ ਗਏ ਖਿਡਾਰੀਆਂ ਨੂੰ ਭਾਰਤ ਸਰਕਾਰ ਵੱਲੋਂ ਸੈਂਟਰ ਆਫ ਐਕਸੀਲੈਂਸ ਵਾਲੀਆਂ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ।