ਸਿਰਸਾ (ਜੇਐੱਨਐੱਨ) : ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਨੇ ਕਿਹਾ ਹੈ ਕਿ ਰਾਸ਼ਟਰਮੰਡਲ ਖੇਡਾਂ ਵਿਚ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ। ਹੁਣ ਟੀਮ ਦਾ ਟੀਚਾ ਏਸ਼ੀਆ ਕੱਪ ਵਿਚ ਗੋਲਡ ਮੈਡਲ ਜਿੱਤਣ ਦਾ ਹੈ ਤੇ ਇਸ ਲਈ ਹੁਣ ਤੋਂ ਤਿਆਰੀ ਵਿਚ ਰੁੱਝਾਂਗੇ। ਕੁਝ ਹੀ ਸਮੇਂ ਵਿਚ ਕੈਂਪ ਸ਼ੁਰੂ ਹੋ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ਨਾਲ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਵਧਿਆ। ਜਾਗਰਣ ਨਾਲ ਖ਼ਾਸ ਗੱਲਬਾਤ ਵਿਚ ਸਵਿਤਾ ਪੂਨੀਆ ਨੇ ਕਿਹਾ ਕਿ ਹਾਰ-ਜਿੱਤ ਤਾਂ ਸਿੱਕੇ ਦੇ ਦੋ ਪਹਿਲੂ ਹਨ। ਖਿਡਾਰੀ ਦੀ ਕੋਸ਼ਿਸ਼ ਚੰਗਾ ਖੇਡਣ ਦੀ ਹੁੰਦੀ ਹੈ। ਮਹਿਲਾ ਹਾਕੀ ਟੀਮ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੂੰ ਨਹੀਂ ਲਗਦਾ ਕਿ ਕਿਸੇ ਖਿਡਾਰੀ ਵਿਚ ਕੋਈ ਕਮਜ਼ੋਰੀ ਰਹੀ। ਸਮੂਹਕ ਕੋਸ਼ਿਸ਼ ਚੰਗੀ ਸੀ ਤੇ ਮੇਰਾ ਇਕ ਕੰਮ ਟੀਮ ਨੂੰ ਉਤਸ਼ਾਹਿਤ ਕਰਨਾ ਸੀ।

ਟੀਮ ਵਿਚ ਰਾਣੀ ਰਾਮਪਾਲ ਦੇ ਨਾ ਹੋਣ ਦੇ ਸਵਾਲ 'ਤੇ ਸਵਿਤਾ ਨੇ ਕਿਹਾ ਕਿ ਟੀਮ ਵਿਚ ਸੀਨੀਅਰ ਤੇ ਨੌਜਵਾਨ ਦੋਵੇਂ ਹੀ ਚੰਗਾ ਖੇਡੇ ਹਨ। ਰਾਣੀ ਰਾਮਪਾਲ ਚੰਗੀ ਖਿਡਾਰਨ ਰਹੀ ਹੈ। ਇਸ ਵਾਰ ਉਹ ਖੇਡ ਨਹੀਂ ਸਕੀ। ਟੀਮ ਵਿਚ ਖਿਡਾਰੀ ਕੋਈ ਵੀ ਹੋਵੇ, ਚੰਗੀ ਰਣਨੀਤੀ ਤੇ ਜਿੱਤਣ ਦੇ ਦਮ ਦੇ ਨਾਲ ਮੈਦਾਨ ਵਿਚ ਉਤਰਿਆ ਜਾਂਦਾ ਹੈ। ਇਸ ਵਾਰ ਵੀ ਟੀਮ ਕੋਲ ਤਜਰਬੇ ਦੀ ਕੋਈ ਘਾਟ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਤਾਂ ਪੂਰਾ ਧਿਆਨ ਗੋਲਕੀਪਿੰਗ 'ਤੇ ਰਹਿੰਦਾ ਹੈ। ਕਪਤਾਨ ਬਣਨ ਨਾਲ ਕੋਈ ਦਬਾਅ ਮਹਿਸੂਸ ਨਹੀਂ ਹੋਇਆ ਬਲਕਿ ਟੀਮ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ। ਖਿਡਾਰੀ ਇਕੱਲਾ ਗੋਲ ਨਹੀਂ ਕਰਦਾ ਬਲਕਿ ਉਸ ਪਿੱਛੇ ਵੀ ਪੂਰੀ ਟੀਮ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਤੋਂ ਦੇਸ਼ਵਾਸੀਆਂ ਨੂੰ ਬਹੁਤ ਉਮੀਦਾਂ ਹਨ ਤੇ ਉਨ੍ਹਾਂ ਉਮੀਦਾਂ 'ਤੇ ਟੀਮ ਖ਼ਰਾ ਉਤਰੇਗੀ। ਸਵਿਤਾ ਨੇ ਇਹ ਵੀ ਕਿਹਾ ਕਿ ਜਲਦ ਹੀ ਭਾਰਤੀ ਟੀਮ ਦਾ ਕੈਂਪ ਸ਼ੁਰੂ ਹੋਣ ਵਾਲਾ ਹੈ ਤੇ ਇਸ ਵਿਚ ਪੂਰੀ ਟੀਮ ਅਭਿਆਸ ਕਰੇਗੀ। ਇਸ ਤੋਂ ਬਾਅਦ ਏਸ਼ੀਆ ਕੱਪ ਦੀ ਤਿਆਰੀ ਸ਼ੁਰੂ ਹੋ ਜਾਵੇਗੀ। ਰਾਸ਼ਟਰਮੰਡਲ ਖੇਡਾਂ ਵਿਚ ਮੈਡਲ ਜਿੱਤਣ ਤੋਂ ਬਾਅਦ ਪਹਿਲੀ ਵਾਰ ਪਿੰਡ ਆਈ ਸਵਿਤਾ ਪੂਨੀਆ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

Posted By: Gurinder Singh