ਨਵੀਂ ਦਿੱਲੀ (ਜੇਐੱਨਐੱਨ) : ਹਾਕੀ ਦੀ ਸੰਚਾਲਨ ਸੰਸਥਾ ਐੱਫਆਈਐੱਚ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ 'ਵਰਲਡ ਗੇਮਜ਼ ਅਥਲੀਟ ਆਫ ਦ ਯੀਅਰ' ਲਈ ਨਾਮਜ਼ਦ ਕੀਤਾ ਹੈ। ਹਾਕੀ ਇੰਡੀਆ ਨੇ ਇਸ ਲਈ ਆਪਣੀ ਕਪਤਾਨ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਹੈ। ਹਾਕੀ ਇੰਡੀਆ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਾਸੰਘਾਂ ਵੱਲੋਂ ਇਸ ਪੁਰਸਕਾਰ ਲਈ 25 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਤੇ ਐੱਫਆਈਐੱਚ ਨੇ ਰਾਣੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਉਨ੍ਹਾਂ ਦੀ ਅਗਵਾਈ ਕਰਨ ਦੀ ਕਾਬਲੀਅਤ ਨੂੰ ਦੇਖ ਕੇ ਉਨ੍ਹਾਂ ਦਾ ਨਾਂ ਇਸ ਪੁਰਸਕਾਰ ਲਈ ਸ਼ਾਮਲ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਹੈ ਕਿ ਹਾਕੀ ਇੰਡੀਆ ਰਾਣੀ ਦੇ 'ਵਰਲਡ ਗੇਮਜ਼ ਅਥਲੀਟ (ਡਬਲਯੂਜੀਏ) ਆਫ ਦ ਯੀਅਰ 2019' ਲਈ ਨਾਮਜ਼ਦ ਕੀਤੇ ਜਾਣ ਦੀ ਖ਼ਬਰ ਤੋਂ ਬਹੁਤ ਖ਼ੁਸ਼ ਹੈ। ਉਹ ਦੇਸ਼ ਵਿਚ ਕਈ ਲੋਕਾਂ ਲਈ ਪ੍ਰਰੇਰਣਾਸ੍ਰੋਤ ਹੈ। ਅਸੀਂ ਸਾਰੇ ਹਾਕੀ ਸਮਰਥਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਰਾਣੀ ਲਈ ਵੋਟ ਕਰਨ ਤੇ 2020 ਟੋਕੀਓ ਓਲੰਪਿਕ ਖੇਡਾਂ ਲਈ ਤਿਆਰੀਆਂ ਵਿਚ ਰੁੱਝੀ ਭਾਰਤੀ ਹਾਕੀ ਟੀਮ ਦਾ ਸਮਰਥਨ ਕਰਦੇ ਰਹਿਣ। ਜੇਤੂ ਦਾ ਫ਼ੈਸਲਾ ਆਨਲਾਈਨ ਵੋਟਿੰਗ ਵਿਚ ਕੀਤਾ ਜਾਵੇਗਾ ਜੋ 30 ਜਨਵਰੀ ਨੂੰ ਸਮਾਪਤ ਹੋਵੇਗੀ। ਰਾਣੀ ਨੇ ਭਾਰਤੀ ਮਹਿਲਾ ਹਾਕੀ ਟੀਮ ਲਈ ਪਹਿਲੀ ਵਾਰ ਲਗਾਤਾਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਿਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ।

ਪਿਛਲੀ ਵਾਰ ਜਿੱਤੀ ਸੀ ਰੂਸ ਦੀ ਜਿਮਨਾਸਟਿਕਸ ਜੋੜੀ :

ਡਬਲਯੂਜੀਏ ਦਾ ਇਹ ਛੇਵਾਂ ਐਡੀਸ਼ਨ ਹੈ। ਪਿਛਲੇ ਸਾਲ 159,348 ਵੋਟਾਂ ਨਾਲ ਰੂਸ ਦੀ ਏਰੋਬਿਕ ਜਿਮਨਾਸਟਿਕਸ ਜੋੜੀ ਮਾਰੀਆ ਚੇਰਨੋਵਾ ਤੇ ਜਾਰਜੀ ਪੇਟਰੇਈਆ ਨੇ ਇਹ ਐਵਾਰਡ ਜਿੱਤਿਆ ਸੀ। ਉਨ੍ਹਾਂ ਨੇ ਇਸ ਲੜੀ ਵਿਚ ਅਮਰੀਕਨ ਪਾਵਰਲਿਫਟਰ ਜੇਨੀਫਰ ਥਾਮਸਨ ਨੂੰ ਪਛਾੜਿਆ ਸੀ। ਥਾਮਸਨ ਨੇ 152,865 ਵੋਟ ਹਾਸਲ ਕੀਤੇ ਸਨ।