ਬਰਨਲੇ (ਏਪੀ) : ਬਰਨਲੇ ਨੇ ਮਾਨਚੈਸਟਰ ਸਿਟੀ ਖ਼ਿਲਾਫ਼ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਏਤਿਹਾਦ ਸਟੇਡੀਅਮ ਉੱਪਰੋਂ ਜਹਾਜ਼ ਰਾਹੀਂ 'ਵ੍ਹਾਈਟ ਲਾਈਵਜ਼ ਮੈਟਰ ਬਰਨਲੇ' ਦਾ ਬੈਨਰ ਲਹਿਰਾਏ ਜਾਣ 'ਤੇ ਮਾਫ਼ੀ ਮੰਗੀ ਹੈ ਤੇ ਇਸ ਲਈ ਜ਼ਿੰਮੇਵਾਰ ਲੋਕਾਂ 'ਤੇ ਉਮਰ ਭਰ ਦੀ ਪਾਬੰਦੀ ਲਾਉਣ ਦੀ ਗੱਲ ਕਹੀ ਹੈ। ਬਰਨਲੇ ਨੇ ਕਿਹਾ ਕਿ ਉਹ ਇਤਰਾਜ਼ਯੋਗ ਬੈਨਰ ਲਹਿਰਾਉਣ ਲਈ ਜ਼ਿੰਮੇਵਾਰ ਲੋਕਾਂ ਦੀ ਹਰਕਤ ਦੀ ਸਖ਼ਤ ਨਿੰਦਾ ਕਰਦਾ ਹੈ ਤੇ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਕਲੱਬ ਵਿਚ ਉਨ੍ਹਾਂ ਦਾ ਸਵਾਗਤ ਨਹੀਂ ਹੈ। ਸੋਮਵਾਰ ਨੂੰ ਮੈਚ ਦੇ ਮੱਧ ਸਮੇਂ ਦੌਰਾਨ ਕਲੱਬ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਇਹ ਬਰਨਲੇ ਫੁੱਟਬਾਲ ਕਲੱਬ ਦੀਆਂ ਨੀਤੀਆਂ ਦੀ ਨੁਮਾਇੰਦੀ ਨਹੀਂ ਕਰਦਾ ਤੇ ਅਧਿਕਾਰੀਆਂ ਨਾਲ ਮਿਲ ਕੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਾਂਗੇ ਤੇ ਉਮਰ ਭਰ ਦੀ ਪਾਬੰਦੀ ਲਾਵਾਂਗੇ। ਪ੍ਰੀਮੀਅਰ ਲੀਗ ਟੀਮਾਂ ਦੇ ਸਾਰੇ ਖਿਡਾਰੀ ਪਿਛਲੇ ਮਹੀਨੇ ਅਮਰੀਕਾ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਹਰਮਨਪਿਆਰੀ ਹੋਈ ਨਸਲਵਾਦ ਵਿਰੋਧੀ ਮੁਹਿੰਮ ਦੇ ਸਮਰਥਨ ਵਿਚ ਆਪਣੀ ਸ਼ਰਟ ਦੇ ਪਿੱਛੇ ਨਾਵਾਂ ਦੀ ਥਾਂ 'ਬਲੈਕ ਲਾਈਵਜ਼ ਮੈਟਰ' ਲਿਖ ਕੇ ਖੇਡ ਰਹੇ ਹਨ।