ਸਿਲਵਰਸਟੋਨ (ਏਪੀ) : ਫਾਰਮੂਲਾ ਵਨ ਡਰਾਈਵਰ ਸਰਜੀਓ ਪੇਰੇਜ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਬਿ੍ਟਿਸ਼ ਵਿਚ ਉਨ੍ਹਾਂ ਦੀ ਥਾਂ ਰੇਸਿੰਗ ਪੁਆਇੰਟ ਟੀਮ ਵਿਚ ਤਜਰਬੇਕਾਰ ਨਿਕੋਲ ਹੁਲਕੇਨਬਰਗ ਲੈਣਗੇ। 32 ਸਾਲ ਦੇ ਹੁਲਕੇਨਬਰਗ ਰੇਨੋ ਦੀ ਟੀਮ ਵਿਚ ਆਪਣੀ ਥਾਂ ਨਹੀਂ ਬਣਾ ਸਕੇ ਸਨ।

ਰੇਸਿੰਗ ਪੁਆਇੰਟ ਦੇ ਓਟਮਾਰ ਸਜਾਫਨਉਰ ਨੇ ਉਨ੍ਹਾਂ ਨੂੰ ਰੇਸ ਲਈ ਟੀਮ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਤਾਂ ਉਹ ਮਨ੍ਹਾ ਨਹੀਂ ਕਰ ਸਕੇ। ਐੱਫ ਵਨ ਦੀਆਂ 177 ਰੇਸਾਂ ਦਾ ਤਜਰਬਾ ਰੱਖਣ ਵਾਲੇ ਹੁਲਕੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਂ ਇਕ ਹੋਰ ਰੇਸਿੰਗ ਪ੍ਰਰਾਜੈਕਟ ਲਈ ਨੂਰਬਰਗਰਿੰਗ ਜਾ ਰਿਹਾ ਸੀ ਤਦ ਓਟਮਾਰ ਦਾ ਫੋਨ ਆਇਆ।

ਮੇਰੇ ਕੋਲ 24 ਘੰਟੇ ਤੋਂ ਵੀ ਘੱਟ ਦਾ ਸਮਾਂ ਸੀ ਪਰ ਮੈਨੂੰ ਚੁਣੌਤੀ ਪਸੰਦ ਹੈ। ਇਸ ਤੋਂ ਪਹਿਲਾਂ ਪੇਰੇਜ ਨੇ ਕਿਹਾ ਸੀ ਕਿ ਮੈਕਸਿਕੋ ਦੀ ਯਾਤਰਾ ਦੌਰਾਨ ਉਹ ਇਸ ਵਾਇਰਸ ਨਾਲ ਪੀੜਤ ਹੋਏ ਹੋਣਗੇ। ਪੇਰੇਜ ਨੂੰ ਵੀਰਵਾਰ ਨੂੰ ਜਾਂਚ ਦੇ ਨਤੀਜੇ 'ਚ ਖ਼ੁਦ ਦੇ ਪੀੜਤ ਹੋਣ ਦਾ ਪਤਾ ਲੱਗਾ ਜਿਸ ਨਾਲ ਉਹ ਸਿਲਵਰਸਟੋਨ 'ਚ ਹੋਣ ਵਾਲੀ ਰੇਸ ਦਾ ਹਿੱਸਾ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਉਹ ਕੁਆਰੰਟਾਈਨ ਵਿਚ ਰਹਿਣ ਕਾਰਨ ਅਗਲੇ ਹਫ਼ਤੇ ਇਸੇ ਟ੍ਰੈਕ 'ਤੇ ਹੋਣ ਵਾਲੀ ਇਕ ਹੋਰ ਰੇਸ ਵਿਚ ਵੀ ਸ਼ਿਰਕਤ ਨਹੀਂ ਕਰ ਸਕਣਗੇ।