ਸਾਓ ਪਾਊਲੋ (ਏਐੱਫਪੀ) : ਫਿਲਿਪ ਕੌਟੀਨ੍ਹੋ ਦੇ ਦੋ ਗੋਲਾਂ ਦੀ ਮਦਦ ਨਾਲ ਮੇਜ਼ਬਾਨ ਬ੍ਰਾਜ਼ੀਲ ਨੇ ਕੋਪਾ ਅਮਰੀਕਾ ਵਿਚ ਬੋਲੀਵੀਆ ਨੂੰ 3-0 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਦੌਰਾਨ ਕੌਟੀਨ੍ਹੋ ਨੇ ਸਟਾਰ ਫੁੱਟਬਾਲਰ ਨੇਮਾਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਬਾਰਸੀਲੋਨਾ ਲਈ ਖੇਡਣ ਵਾਲੇ ਕੌਟੀਨ੍ਹੋ ਨੇ ਖੇਡ ਦੇ 50ਵੇਂ ਮਿੰਟ ਵਿਚ ਪੈਨਲਟੀ ਕਿੱਕ ਰਾਹੀਂ ਪਹਿਲਾ ਗੋਲ ਕੀਤਾ ਤੇ ਇਸ ਤੋਂ ਤਿੰਨ ਮਿੰਟ ਬਾਅਦ ਹੀ ਉਨ੍ਹਾਂ ਨੇ ਹੈਡਰ ਰਾਹੀਂ ਗੋਲ ਕਰ ਕੇ ਬ੍ਰਾਜ਼ੀਲ ਨੂੰ ਦੋਹਰੀ ਬੜ੍ਹਤ ਦਿਵਾਈ। ਉਥੇ ਬਦਲਵੇਂ ਏਵਰਟਨ ਨੇ ਤੈਅ ਸਮੇਂ ਤੋਂ ਪੰਜ ਮਿੰਟ ਪਹਿਲਾਂ ਬਿਹਤਰੀਨ ਗੋਲ ਕੀਤਾ ਜਿਸ ਦੀ ਬਦੌਲਤ ਸਾਓ ਪਾਉਲੋ ਵਿਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਟਿਟੇ ਦੀ ਟੀਮ ਨੇ ਗਰੁੱਪ ਏ ਵਿਚ ਸੌਖੀ ਜਿੱਤ ਦਰਜ ਕੀਤੀ। ਇਕ ਮਹਿਲਾ ਵੱਲੋਂ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇਮਾਰ ਜ਼ਖ਼ਮੀ ਹੋਣ ਕਾਰਨ ਟੂਰਨਾਮੈਂਟ 'ਚੋਂ ਬਾਹਰ ਹੋ ਗਏ ਸਨ ਜਿਸ ਕਾਰਨ ਇਸ ਟੂਰਨਾਮੈਂਟ ਦੀ ਚਮਕ ਫਿੱਕੀ ਨਜ਼ਰ ਆ ਰਹੀ ਸੀ ਪਰ ਕੌਟੀਨ੍ਹੋ ਨੇ ਆਪਣੇ ਘਰੇਲੂ ਸਮਰਥਕਾਂ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੁਕਾਬਲੇ ਦੌਰਾਨ ਕਈ ਮੌਕਿਆਂ 'ਤੇ ਬ੍ਰਾਜ਼ੀਲ ਦੇ ਦਰਸ਼ਕਾਂ ਨੇ ਟਿਟੇ ਦੀ ਟੀਮ ਦਾ ਮਜ਼ਾਕ ਉਡਾਇਆ।

ਚਿੱਟੀ ਜਰਸੀ ਵਿਚ ਉਤਰੀ ਟੀਮ :

ਇਸ ਮੁਕਾਬਲੇ ਦੌਰਾਨ ਬ੍ਰਾਜ਼ੀਲ ਦੀ ਟੀਮ ਆਪਣੀ ਰਵਾਇਤੀ ਪੀਲੀ ਜਰਸੀ ਦੀ ਬਜਾਏ ਚਿੱਟੀ ਜਰਸੀ ਵਿਚ ਨਜ਼ਰ ਆਈ। 60 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਬ੍ਰਾਜ਼ੀਲ ਦੀ ਟੀਮ ਕਿਸੇ ਪ੍ਰਤੀਯੋਗੀ ਮੁਕਾਬਲੇ ਵਿਚ ਪਹਿਲੀ ਵਾਰ ਚਿੱਟੀ ਜਰਸੀ ਵਿਚ ਨਜ਼ਰ ਆਈ। 1957 ਵਿਚ ਪਿਛਲੀ ਵਾਰ ਬ੍ਰਾਜ਼ੀਲ ਦੀ ਟੀਮ ਚਿੱਟੀ ਜਰਸੀ ਵਿਚ ਨਜ਼ਰ ਆਈ ਸੀ।