ਰੀਫੂ (ਏਪੀ) : ਟੋਕੀਓ ਓਲੰਪਿਕ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਵੇਗੀ ਪਰ ਮਹਿਲਾ ਫੁੱਟਬਾਲ ਮੈਚਾਂ ਦੀ ਸ਼ੁਰੂਆਤ ਬੁੱਧਵਾਰ ਤੋਂ ਹੋ ਗਈ। ਬ੍ਰਾਜ਼ੀਲ ਤੇ ਬ੍ਰਿਟੇਨ ਨੇ ਟੂਰਨਾਮੈਂਟ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਮੋਰਟਾ ਦੇ ਦੋ ਗੋਲਾਂ ਦੀ ਮਦਦ ਨਾਲ ਬ੍ਰਾਜ਼ੀਲ ਨੇ ਚੀਨ ਨੂੰ 5-0 ਨਾਲ ਮਾਤ ਦਿੱਤੀ। ਮਾਰਟਾ ਇਸ ਤਰ੍ਹਾਂ ਲਗਾਤਾਰ ਪੰਜ ਓਲੰਪਿਕ ਵਿਚ ਗੋਲ ਕਰਨ ਵਾਲੀ ਪਹਿਲੀ ਖਿਡਾਰਨ ਬਣ ਗਈ। ਦੁਨੀਆ ਦੀ ਸੱਤਵੀਂ ਰੈਂਕਿੰਗ ਦੀ ਖਿਡਾਰਨ ਮਾਰਟਾ ਤੋਂ ਇਲਾਵਾ ਦੇਬੀਂਹਾ, ਆਂਦਰੇਸਾ ਏਲਵੇਸ ਤੇ ਬ੍ਰੀਟਿਜ ਨੇ ਵੀ ਗੋਲ ਕੀਤੇ। ਮਾਰਟਾ ਨੇ 11 ਅੰਤਰਰਾਸ਼ਟਰੀ ਗੋਲ ਕੀਤੇ ਹਨ ਜੋ ਬ੍ਰਾਜ਼ੀਲ ਦੇ ਕਿਸੇ ਮਹਿਲਾ ਜਾਂ ਮਰਦ ਖਿਡਾਰੀ ਵਿਚੋਂ ਸਭ ਤੋਂ ਵੱਧ ਹਨ। ਨੌਵੇਂ ਮਿੰਟ ਵਿਚ ਕੀਤੇ ਗਏ ਉਨ੍ਹਾਂ ਦੇ ਗੋਲ ਤੋਂ ਬਾਅਦ ਦੇਬੀਂਹਾ ਨੇ 22ਵੇਂ ਮਿੰਟ ਵਿਚ ਬ੍ਰਾਜ਼ੀਲ ਨੂੰ 2-0 ਨਾਲ ਅੱਗੇ ਕਰ ਦਿੱਤਾ। ਮਾਰਟਾ ਨੇ ਆਪਣਾ ਦੂਜਾ ਗੋਲ 74ਵੇਂ ਮਿੰਟ ਵਿਚ ਕੀਤਾ। ਇਸ ਤੋਂ ਬਾਅਦ ਏਲਵੇਸ ਨੇ ਪੈਲਨਟੀ 'ਤੇ ਅਤੇ ਬ੍ਰੀਟਿਜ ਨੇ 89ਵੇਂ ਮਿੰਟ ਵਿਚ ਗੋਲ ਕੀਤਾ।

ਦਿਨ ਦੇ ਹੋਰ ਮੁਕਾਬਲੇ ਵਿਚ ਏਲੇਨ ਵ੍ਹਾਈਟ ਦੇ ਦੋ ਗੋਲਾਂ ਦੀ ਮਦਦ ਨਾਲ ਬਿ੍ਟੇਨ ਨੇ ਚਿਲੀ ਖ਼ਿਲਾਫ਼ 2-0 ਦੀ ਜਿੱਤ ਦਰਜ ਕੀਤੀ। ਵ੍ਹਾਈਟ ਨੇ 18ਵੇਂ ਮਿੰਟ ਵਿਚ ਟੀਮ ਨੂੰ ਬੜ੍ਹਤ ਦਿਵਾਈ ਤੇ ਫਿਰ 75ਵੇਂ ਮਿੰਟ ਵਿਚ ਇਸ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਵਿਸ਼ਵ ਰੈਂਕਿੰਗ ਵਿਚ 37ਵੇਂ ਸਥਾਨ 'ਤੇ ਕਾਬਜ ਚਿਲੀ ਦੀ ਟੀਮ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲੈ ਰਹੀ ਹੈ। ਬਿ੍ਟੇਨ ਦੀ ਇਸ ਟੀਮ ਵਿਚ ਇੰਗਲੈਂਡ ਤੋਂ ਇਲਾਵਾ ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੇ ਖਿਡਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਬਿ੍ਟੇਨ ਦੀ ਟੀਮ ਨੇ 2012 ਵਿਚ ਓਲੰਪਿਕ ਵਿਚ ਹਿੱਸਾ ਲਿਆ ਸੀ।