ਉਲਾਨ ਉਦੇ (ਪੀਟੀਆਈ) : ਪਿਛਲੇ ਐਡੀਸ਼ਨ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਤੇ ਸ਼ੁਰੂਆਤ ਕਰਨ ਵਾਲੀ ਜਮੁਨਾ ਬੋਰੋ (54 ਕਿਲੋਗ੍ਰਾਮ) ਨੇ ਇੱਥੇ ਬੁੱਧਵਾਰ ਨੂੰ ਆਪੋ-ਆਪਣੇ ਪ੍ਰੀ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਜਿੱਤ ਦਰਜ ਕਰਦੇ ਹੋਏ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਜਮੁਨਾ ਨੇ ਅਫਰੀਕਨ ਗੇਮਜ਼ ਦੀ ਗੋਲਡ ਮੈਡਲ ਜੇਤੂ ਪੰਜਵਾਂ ਦਰਜਾ ਹਾਸਲ ਅਲਜੀਰੀਆ ਦੀ ਓਉਇਦਾਦ ਸਫੋਉਹ ਨੂੰ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਦੇ ਆਧਾਰ 'ਤੇ ਹਰਾਇਆ ਜਦਕਿ ਤੀਜਾ ਦਰਜਾ ਹਾਸਲ ਲਵਲੀਨਾ ਨੇ ਮੋਰੱਕੋ ਦੀ ਆਪਣੀ ਵਿਰੋਧੀ ਓਯੁਮਾਇਮਾ ਬੇਲ ਅਹਬੀਬ ਨੂੰ 5-0 ਨਾਲ ਮਾਤ ਦਿੱਤੀ। ਵੀਰਵਾਰ ਨੂੰ ਕੁਆਰਟਰ ਫਾਈਨਲ ਵਿਚ ਜਮੁਨਾ ਦਾ ਸਾਹਮਣਾ ਜਰਮਨੀ ਦੀ ਉਰਸੁਲਾ ਗੋਟਲੋਬ ਨਾਲ ਹੋਵੇਗਾ ਜਿਨ੍ਹਾਂ ਨੇ ਪ੍ਰਰੀ ਕੁਆਰਟਰ ਫਾਈਨਲ ਦੇ ਮੁਕਾਬਲੇ ਵਿਚ ਯੂਰਪੀਅਨ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਤੇ ਚੌਥਾ ਦਰਜਾ ਹਾਸਲ ਬੇਲਾਰੂਸ ਦੀ ਯੂਲੀਆ ਅਪਾਨਾਸੋਵਿਕ ਨੂੰ 3-2 ਨਾਲ ਹਰਾਇਆ। ਉਥੇ ਲਵਲੀਨਾ ਦਾ ਅਗਲਾ ਮੁਕਾਬਲਾ ਛੇਵਾਂ ਦਰਜਾ ਹਾਸਲ ਕੈਰੋਲੀਨਾ ਕੋਸਜੇਵਸਕਾ ਨਾਲ ਹੋਵੇਗਾ ਜਿਨ੍ਹਾਂ ਨੇ ਉਜ਼ਬੇਕਿਸਤਾਨ ਦੀ ਸ਼ਖਨੋਜਾ ਯੁਨੁਸੋਵਾ ਨੂੰ ਮਾਤ ਦਿੱਤੀ। ਪੋਲੈਂਡ ਦੀ ਕੋਸਜੇਵਸਕਾ ਨੇ ਇਸ ਸਾਲ ਯੂਰਪੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤਿਆ ਸੀ। ਅਸਮ ਰਾਈਫਲਜ਼ ਦੀ 22 ਸਾਲਾ ਕਰਮਚਾਰੀ ਜਮੁਨਾ ਦੇ ਬਲਾਕ ਸ਼ੁਰੂਆਤ ਵਿਚ ਧੀਮੇ ਨਜ਼ਰ ਆਏ ਪਰ ਜਿਵੇਂ ਜਿਵੇਂ ਮੁਕਾਬਲਾ ਅੱਗੇ ਵਧਿਆ ਉਹ ਹਾਵੀ ਹੁੰਦੀ ਚਲੀ ਗਈ। ਦੂਜੇ ਤੇ ਤੀਜੇ ਗੇੜ ਵਿਚ ਜਮੁਨਾ ਆਪਣੇ ਸਿੱਧੇ ਪੰਚਾਂ ਰਾਹੀਂ ਕਾਫੀ ਪ੍ਰਭਾਵਸ਼ਾਲੀ ਨਜ਼ਰ ਆਈ। ਤੀਜਾ ਗੇੜ ਪੂਰੀ ਤਰ੍ਹਾਂ ਜਮੁਨਾ ਦੇ ਨਾਂ ਰਿਹਾ। ਜਿਸ ਦੇ ਜ਼ਿਆਦਾਤਰ ਹਿੱਸੇ ਵਿਚ ਸਫੋਉਹ ਉਨ੍ਹਾਂ ਨੂੰ ਛੂਹ ਵੀ ਨਾ ਸਕੀ। ਸੈਸ਼ਨ ਦਾ ਆਖ਼ਰੀ ਮੁਕਾਬਲਾ ਲਵਲੀਨਾ ਦਾ ਸੀ ਤੇ ਉਨ੍ਹਾਂ ਨੂੰ ਅਹਬੀਬ ਖ਼ਿਲਾਫ਼ ਲੈਅ ਹਾਸਲ ਕਰਨ ਵਿਚ ਕੁਝ ਸਮਾਂ ਲੱਗਾ। ਲਵਲੀਨਾ ਨੇ ਆਪਣੇ ਵਿਰੋਧੀ ਤੋਂ ਦੂਰੀ ਬਣਾਈ ਰੱਖਣ ਦੀ ਰਣਨੀਤੀ ਅਪਣਾਈ।

ਮਾਂ ਨੇ ਸਬਜ਼ੀ ਵੇਚ ਕੇ ਕੀਤੀ ਮਦਦ :

ਜਮੁਨਾ ਨੂੰ ਖੇਡ ਵਿਚ ਅੱਗੇ ਵਧਾਉਣ ਲਈ ਉਨ੍ਹਾਂ ਦੀ ਮਾਂ ਨੇ ਸਬਜ਼ੀ ਵੇਚ ਕੇ ਉਨ੍ਹਾਂ ਦੀ ਆਰਥਕ ਮਦਦ ਕੀਤੀ ਸੀ। ਜਮੁਨਾ ਨੇ ਇਸ ਸਾਲ ਇੰਡੀਆ ਓਪਨ ਵਿਚ ਗੋਲਡ ਮੈਡਲ ਜਿੱਤਿਆ ਸੀ। ਉਹ 2015 ਯੂਥ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਹੈ। ਜਮੁਨਾ ਨੇ ਕਿਹਾ ਕਿ ਸ਼ੁਰੂਆਤ ਵਿਚ ਮੈਂ ਕੁਝ ਦੁਚਿੱਤੀ 'ਚ ਸੀ, ਪਰ ਫਿਰ ਮੈਂ ਵਿਰੋਧੀ 'ਤੇ ਹਾਵੀ ਹੋ ਗਈ ਤੇ ਜਿੱਤ ਹਾਸਲ ਕੀਤੀ।

ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ :

ਭਾਰਤ ਦੀਆਂ ਕੁੱਲ ਪੰਜ ਮੁੱਕੇਬਾਜ਼ਾਂ ਨੇ ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਜਮੁਨਾ ਤੇ ਲਵਲੀਨਾ ਤੋਂ ਇਲਾਵਾ ਮੈਰੀ ਕਾਮ (51 ਕਿਲੋਗ੍ਰਾਮ), ਮੰਜੂ ਰਾਣੀ (48 ਕਿਲੋਗ੍ਰਾਮ) ਤੇ ਕਵਿਤਾ (81 ਕਿਲੋਗ੍ਰਾਮ ਤੋਂ ਜ਼ਿਆਦਾ) ਵੀ ਕੁਆਰਟ ਫਾਈਨਲਵਿਚ ਪੁੱਜ ਚੁੱਕੀਆਂ ਹਨ।