ਏਕਤਾਰਿਨਬਰਗ (ਪੀਟੀਆਈ) : ਓਲੰਪਿਕ ਕੋਟਾ ਦਾਅ 'ਤੇ ਨਾ ਹੋਣ ਦੇ ਬਾਵਜੂਦ ਭਾਰਤੀ ਮੁੱਕੇਬਾਜ਼ ਸੋਮਵਾਰ ਤੋਂ ਸ਼ੁਰੂ ਹੋ ਰਹੀ ਮਰਦਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਉਤਰਨਗੇ ਤਾਂ ਉਨ੍ਹਾਂ ਦਾ ਇਰਾਦਾ ਪਿਛਲੇ 20 ਐਡੀਸ਼ਨਾਂ 'ਚ ਸਿਰਫ਼ ਚਾਰ ਮੈਡਲ ਜਿੱਤਣ ਦੇ ਆਪਣੇ ਰਿਕਾਰਡ ਨੂੰ ਬਿਹਤਰ ਕਰਨ ਦਾ ਹੋਵੇਗਾ।

ਭਾਰਤ ਲਈ ਅਜੇ ਤਕ ਸਿਰਫ਼ ਵਿਜੇਂਦਰ ਸਿੰਘ (2009), ਵਿਕਾਸ ਕ੍ਰਿਸ਼ਣਨ (2011), ਸ਼ਿਵ ਥਾਪਾ (2015) ਤੇ ਗੌਰਵ ਵਿਧੂੜੀ (2017) ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤ ਸਕੇ ਹਨ। ਇਨ੍ਹਾਂ ਸਾਰਿਆਂ ਨੂੰ ਕਾਂਸੇ ਦੇ ਮੈਡਲ ਮਿਲੇ ਤੇ ਭਾਰਤ ਦੀਆਂ ਨਜ਼ਰਾਂ ਮੈਡਲ ਦਾ ਰੰਗ ਬਿਹਤਰ ਕਰਨ 'ਤੇ ਵੀ ਹੋਣਗੀਆਂ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇਰ ਹੋਣਾ ਸੀ ਜਿਸ ਵਿਚ ਰਵਾਇਤੀ 10 ਭਾਰ ਵਰਗਾਂ ਦੀ ਥਾਂ ਸੋਧੇ ਅੱਠ (52, 57, 63, 69, 74, 81, 91 ਤੇ ਪਲੱਸ 91 ਕਿਲੋਗ੍ਰਾਮ) ਭਾਰ ਵਰਗ ਰੱਖੇ ਗਏ ਹਨ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਅੰਤਰਰਾਸ਼ਟਰੀ ਮੁੱਕੇਬਾਜ਼ ਸੰਘ (ਏਆਈਬੀਏ) 'ਚ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਿਕ ਬੇਕਾਇਦਗੀਆਂ ਕਾਰਨ ਇਸ ਤੋਂ ਓਲੰਪਿਕ ਕੁਆਲੀਫਾਇਰ ਦਾ ਦਰਜਾ ਖੋਹ ਲਿਆ। ਇਸ ਦੇ ਬਾਵਜੂਦ ਇਸ ਵਿਚ 87 ਦੇਸ਼ਾਂ ਦੇ 450 ਮੁੱਕੇਬਾਜ਼ ਹਿੱਸਾ ਲੈਣਗੇ।

ਅਸੀਂ ਕਰ ਰਹੇ ਹਾਂ ਮਿਹਨਤ : ਨੀਵਾ

ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਸੈਂਟੀਆਗੋ ਨੀਵਾ ਨੇ ਕਿਹਾ ਕਿ ਇਹ ਅੌਖਾ ਹੋਵੇਗਾ। ਸਾਡਾ ਮਕਸਦ ਪਿਛਲੇ ਪ੍ਰਦਰਸ਼ਨ ਨੂੰ ਬਿਹਤਰ ਕਰਨਾ ਹੈ। ਅਸੀਂ ਉਸੇ ਲਈ ਮਿਹਨਤ ਕਰ ਰਹੇ ਹਾਂ।

ਭਾਰਤੀ ਟੀਮ 'ਚ ਸ਼ਾਮਲ ਮੁੱਕੇਬਾਜ਼

ਅਮਿਤ ਪੰਘਾਲ (52 ਕਿਲੋਗ੍ਰਾਮ), ਕਵਿੰਦਰ ਬਿਸ਼ਟ (57 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ), ਦੁਰਯੋਧਨ ਸਿੰਘ ਨੇਗੀ (69 ਕਿਲੋਗ੍ਰਾਮ), ਆਸ਼ੀਸ਼ ਕੁਮਾਰ (75 ਕਿਲੋਗ੍ਰਾਮ), ਬਿ੍ਜੇਸ਼ ਯਾਦਵ (81 ਕਿਲੋਗ੍ਰਾਮ), ਸੰਜੀਤ (91 ਕਿਲੋਗ੍ਰਾਮ) ਤੇ ਸਤੀਸ਼ ਕੁਮਾਰ (ਪਲੱਸ 91 ਕਿਲੋਗ੍ਰਾਮ)।

ਇਨ੍ਹਾਂ ਮੁੱਕੇਬਾਜ਼ਾਂ ਤੋਂ ਹੋਣਗੀਆਂ ਉਮੀਦਾਂ :

ਭਾਰਤ ਦੀਆਂ ਉਮੀਦਾਂ ਅਮਿਤ ਪੰਘਾਲ (52 ਕਿਲੋਗ੍ਰਾਮ) 'ਤੇ ਟਿਕੀਆਂ ਹੋਣਗੀਆਂ, ਜੋ ਇਕ ਸਾਲ ਤੋਂ ਸ਼ਾਨਦਾਰ ਲੈਅ ਵਿਚ ਹਨ। ਉਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਤੇ ਏਸ਼ੀਅਨ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਹੈ। ਉਹ 2017 ਵਿਚ ਵਿਸ਼ਵ ਚੈਂਪੀਅਨਸ਼ਿਪ ਮੈਡਲ ਦੇ ਨੇੜੇ ਪੁੱਜੇ ਪਰ ਕੁਆਰਟਰ ਫਾਈਨਲ ਵਿਚ ਹਾਰ ਗਏ। ਕਵਿੰਦਰ ਬਿਸ਼ਟ (57 ਕਿਲੋਗ੍ਰਾਮ) ਵੀ ਦਾਅਵੇਦਾਰਾਂ ਵਿਚ ਹਨ ਜੋ 2017 ਕੁਆਰਟਰ ਫਾਈਨਲ 'ਚ ਲਹੂਲੁਹਾਨ ਹੋ ਗਏ ਸਨ।

ਇਸ ਸਾਲ ਏਸ਼ੀਅਨ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਵਿਸ਼ਵ ਚੈਂਪੀਅਨ ਕੈਰਾਤ ਏਰਾਲਿਏਵ ਨੂੰ ਹਰਾਇਆ ਸੀ। ਸਤੀਸ਼ ਕੁਮਾਰ (ਪਲੱਸ 91 ਕਿਲੋਗ੍ਰਾਮ) ਕੋਲ ਵੀ ਵਿਸ਼ਵ ਚੈਂਪੀਅਨਸ਼ਿਪ ਦਾ ਤਜਰਬਾ ਹੈ। ਏਸ਼ੀਅਨ ਖੇਡਾਂ ਦੇ ਸਾਬਕਾ ਕਾਂਸੇ ਦਾ ਮੈਡਲ ਜੇਤੂ ਦੀਆਂ ਨਜ਼ਰਾਂ ਟੂਰਨਾਮੈਂਟ ਵਿਚ ਪਹਿਲੇ ਮੈਡਲ 'ਤੇ ਹੋਣਗੀਆਂ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਮਨੀਸ਼ ਕੌਸ਼ਿਕ (63 ਕਿਲੋਗ੍ਰਾਮ), ਵੀ ਮੈਡਲ ਦੇ ਦਾਅਵੇਦਾਰ ਹੋਣਗੇ। ਸੰਜੀਤ (91 ਕਿਲੋਗ੍ਰਾਮ) ਤੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਤੋਂ ਵੀ ਉਮੀਦਾਂ ਹੋਣਗੀਆਂ।