ਰੂਸ (ਏਜੰਸੀ) : ਏਸ਼ੀਆਈ ਚਾਂਦੀ ਮੈਡਲ ਜੇਤੂ ਕਵਿੰਦਰ ਸਿੰਘ ਬਿਸ਼ਟ (57 ਕਿਲੋਗ੍ਰਾਮ) ਨੇ ਐਤਵਾਰ ਨੂੰ ਇਥੇ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੜੇ ਮੁਕਾਬਲੇ ਵਿਚ ਚੀਨ ਦੇ ਚਿਨਾ ਝਿਹਾਓ ਨੂੰ ਹਰਾ ਕੇ ਪ੍ਰੀ -ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕੀਤੀ। ਪੰਜਵਾਂ ਦਰਜਾ ਪ੍ਰਰਾਪਤ ਭਾਰਤੀ ਖਿਡਾਰੀ ਖਿਲਾਫ਼ ਚੀਨ ਦੇ ਮੁੱਕੇਬਾਜ਼ ਦਾ ਚਿਹਰਾ ਲਹੂ-ਲਹਾਨ ਹੋ ਗਿਆ। ਦੋਵੇਂ ਖਿਡਾਰੀ ਇਕ ਦੂਜੇ 'ਤੇ ਸਖ਼ਤ ਹਮਲੇ ਨਹੀਂ ਕਰ ਸਕੇ ਅਤੇ ਜੱਜਾਂ ਨੇ ਕਵਿੰਦਰ ਦੇ ਪੱਖ ਵਿਚ 3-2 ਨਾਲ ਫ਼ੈਸਲਾ ਦਿੱਤਾ। ਭਾਰਤੀ ਹਵਾਈ ਸੈਨਾ ਨਾਲ ਜੁੜੇ 26 ਸਾਲ ਦੇ ਇਸ ਖਿਡਾਰੀ ਨੇ 2017 ਵਿਚ ਹੈਮਬਰਗ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ ਪਰ ਇਸ ਵਾਰ ਉਹ ਤਮਗੇ ਦੇ ਦਾਅਵੇਦਾਰਾਂ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ ਦੂਜਾ ਦਰਜਾ ਪ੍ਰਰਾਪਤ ਅਤੇ ਏਸ਼ੀਆਈ ਚੈਂਪੀਅਨ ਅਮਿਤ ਪੰਘਾਲ (52 ਕਿਲੋਗ੍ਰਾਮ) ਦਮਦਾਰ ਜਿੱਤ ਦੇ ਨਾਲ ਪ੍ਰੀ -ਕੁਆਰਟਰ ਫਾਈਨਲ ਵਿਚ ਪੁੱਜੇ। ਇਹ ਟੂਰਨਾਮੈਂਟ ਟੋਕੀਓ 2020 ਓਲੰਪਿਕ ਕੁਆਲੀਫਾਈਰ ਹੋਣਾ ਸੀ, ਜਿਸ ਵਿਚ ਪਰੰਪਰਿਕ 10 ਭਾਰ ਵਰਗ ਦੀ ਬਜਾਏ ਸੋਧੇ ਹੋਏ ਅੱਠ ਭਾਰ ਵਰਗ (52, 57, 63, 69, 74, 81, 92 ਅਤੇ ਪਲਸ 91 ਕਿਲੋਗ੍ਰਾਮ) ਰੱਖੇ ਗਏ ਹਨ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਮਹਾਸੰਘ (ਏਆਈਬੀਏ) ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਪ੍ਰਸ਼ਾਸਨਿਕ ਬੇਨਿਯਮੀਆਂ ਕਾਰਨ ਇਸ ਤੋਂ ਓਲੰਪਿਕ ਕੁਆਲੀਫਾਈਰ ਦਾ ਦਰਜਾ ਖੋਹ ਲਿਆ। ਆਈਓਸੀ ਨੇ ਇਸ ਖੇਡ ਦੇ ਓਲੰਪਿਕ ਕੁਆਲੀਫਿਕੇਸ਼ਨ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ ਜੋ ਅਗਲੇ ਸਾਲ ਫਰਵਰੀ ਵਿਚ ਏਸ਼ੀਆਈ ਕੁਆਲੀਫਾਈਰਸ ਦੇ ਨਾਲ ਸ਼ੁਰੂ ਹੋਵੇਗਾ।