ਐਡੀਲੇਡ (ਪੀਟੀਆਈ) : ਏਟੀਪੀ ਟੂਰ 'ਤੇ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਭਾਰਤ ਦੇ ਰੋਹਨ ਬੋਪੰਨਾ ਤੇ ਰਾਮ ਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇਵਾਨ ਡੋਡਿਗ ਤੇ ਮਾਰਸੇਲੋ ਮੇਲੋ ਦੀ ਸਿਖਰਲਾ ਦਰਜਾ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਉਲਟਫੇਰ ਕਰਦੇ ਹੋਏ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਮਰਦ ਡਬਲਜ਼ ਖ਼ਿਤਾਬ ਜਿੱਤਿਆ।

ਭਾਰਤ ਦੀ ਗ਼ੈਰ ਦਰਜਾ ਜੋੜੀ ਨੇ ਇਕ ਘੰਟੇ ਤੇ 21 ਮਿੰਟ ਤਕ ਚੱਲੇ ਮੁਕਾਬਲੇ ਵਿਚ 7-6 (6), 6-1 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਸਾਰੇ ਬ੍ਰੇਕ ਪੁਆਇੰਟ ਬਚਾਏ ਜਦਕਿ ਦੋ ਵਾਰ ਵਿਰੋਧੀ ਜੋੜੀ ਦੀ ਸਰਵਿਸ ਤੋੜੀ। ਇਹ ਬੋਪੰਨਾ ਦਾ 20ਵਾਂ ਏਟੀਪੀ ਡਬਲਜ਼ ਖ਼ਿਤਾਬ ਤੇ ਰਾਮ ਕੁਮਾਰ ਦੇ ਨਾਲ ਪਹਿਲਾ ਖ਼ਿਤਾਬ ਹੈ। ਰਾਮ ਕੁਮਾਰ ਇਸ ਪੱਧਰ 'ਤੇ ਸਿਰਫ਼ ਦੂਜਾ ਫਾਈਨਲ ਖੇਡ ਰਹੇ ਸਨ। ਉਹ 2018 ਵਿਚ ਹਾਲ ਆਫ ਫੇਮ ਟੈਨਿਸ ਚੈਂਪੀਅਨਸ਼ਿਪ ਵਿਚ ਉੱਪ ਜੇਤੂ ਰਹੇ ਸਨ।