ਨਵੀਂ ਦਿੱਲੀ (ਜੇਐੱਨਐੱਨ) : ਅੰਤਰਰਾਸ਼ਟਰੀ ਬਾਡੀ ਬਿਲਡਰ ਤੇ ਮਿਸਟਰ ਇੰਡੀਆ ਰਹੇ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ 'ਚ ਕੋਰੋਨਾ ਵਾਇਰਸ ਨਾਲ ਦੇਹਾਂਤ ਹੋ ਗਿਆ। ਜਗਦੀਸ਼ ਸਿਰਫ਼ 34 ਸਾਲ ਦੇ ਸਨ ਤੇ ਉਨ੍ਹਾਂ ਦੀ ਇਕ ਧੀ ਹੈ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਜਗਦੀਸ਼ ਨੂੰ ਚਾਰ ਦਿਨਾਂ ਤਕ ਆਕਸੀਜ਼ਨ 'ਤੇ ਰੱਖਿਆ ਗਿਆ ਸੀ ਪਰ ਉਹ ਕੋਰੋਨਾ ਨੂੰ ਮਾਤ ਨਹੀਂ ਦੇ ਸਕੇ। ਜਗਦੀਸ਼ 90 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਲਗਭਗ 15 ਸਾਲ ਤਕ ਇਕ ਪੇਸ਼ੇਵਰ ਖਿਡਾਰੀ ਦੇ ਰੂਪ ਵਿਚ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਤੇ ਮਿਸਟਰ ਇੰਡੀਆ ਵਿਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਮਹਾਰਾਸ਼ਟਰ ਤੇ ਭਾਰਤ ਦੀ ਨੁਮਾਇੰਦਗੀ ਕੀਤੀ।