ਨਵੀਂ ਦਿੱਲੀ (ਜੇਐੱਨਐੱਨ) : ਅਮਰੀਕਾ ਵਿਚ ਸਿਆਹਫਾਮ ਨਾਗਰਿਕ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਨਸਲੀ ਹਿੰਸਾ ਦੇ ਵਿਰੋਧ ਵਿਚ ਖੇਡ ਜਗਤ ਨਾਲ ਜੁੜੇ ਸਿਆਹਫਾਮ ਖਿਡਾਰੀ ਵੀ ਉਤਰ ਗਏ ਹਨ। ਸੋਮਵਾਰ ਨੂੰ ਵੈਸਟਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਨੇ ਇਸ ਖ਼ਿਲਾਫ਼ ਆਵਾਜ਼ ਉਠਾਈ ਸੀ। ਹੁਣ ਦਿੱਗਜ ਗੋਲਫਰ ਟਾਈਗਰ ਵੁਡਜ਼ ਸਮੇਤ ਮੌਜੂਦਾ ਫਾਰਮੂਲਾ ਵਨ ਚੈਂਪੀਅਨ ਲੁਇਸ ਹੈਮਿਲਟਨ, ਐੱਨਬੀਏ ਦੇ ਮਹਾਨ ਖਿਡਾਰੀ ਮਾਈਕਲ ਜਾਰਡਨ ਤੇ ਨੌਜਵਾਨ ਮਹਿਲਾ ਟੈਨਿਸ ਖਿਡਾਰਨ ਕੋਕੋ ਗਾਫ ਵਰਗੇ ਖਿਡਾਰੀ ਇਸ ਦੇ ਵਿਰੋਧ ਵਿਚ ਉਤਰ ਆਏ ਹਨ।

ਅੰਤਿਮ ਸਸਕਾਰ ਦਾ ਖ਼ਰਚ ਉਠਾਉਣਗੇ ਸਾਬਕਾ ਮੁੱਕੇਬਾਜ਼ ਮੇਵੇਦਰ

ਦਿੱਗਜ ਮੁੱਕੇਬਾਜ਼ ਫਲਾਇਡ ਮੇਵੇਦਰ ਨੇ ਅਮਰੀਕਾ ਵਿਚ ਮਾਰੇ ਗਏ ਫਲਾਇਡ ਦੇ ਅੰਤਿਮ ਸਸਕਾਰ ਦਾ ਖ਼ਰਚ ਉਠਾਉਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਸਿਆਹਫਾਮ ਨਾਗਰਿਕ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਮੇਵੇਦਰ ਦੀ ਪ੍ਰਮੋਸ਼ਨ ਕੰਪਨੀ, ਮੇਵੇਦੇਰ ਪ੍ਰਮੋਸ਼ਨ ਨੇ ਟਵਿੱਟਰ 'ਤੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੇਵੇਦਰ ਨੇ ਫਲਾਇਡ ਦੇ ਅੰਤਿਮ ਸਸਕਾਰ ਦਾ ਪੂਰਾ ਖ਼ਰਚਾ ਉਠਾਉਣ ਦਾ ਫ਼ੈਸਲਾ ਕੀਤਾ ਹੈ।

ਨਸਲਵਾਦ ਖ਼ਿਲਾਫ਼ ਬੋਲੇ ਕ੍ਰਿਕਟ ਜਗਤ : ਸੈਮੀ

ਵੈਸਟਇੰਡੀਜ਼ ਦੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਡੇਰੇਨ ਸੈਮੀ ਨੇ ਆਈਸੀਸੀ ਨੂੰ ਬੇਨਤੀ ਕੀਤੀ ਹੈ ਕਿ ਕ੍ਰਿਕਟ ਜਗਤ ਜਾਂ ਤਾਂ ਨਸਲਵਾਦ ਖ਼ਿਲਾਫ਼ ਆਵਾਜ਼ ਉਠਾਏ ਜਾਂ ਇਸ ਮੁਸ਼ਕਲ ਦਾ ਹਿੱਸਾ ਕਹਿਲਾਉਣ ਲਈ ਤਿਆਰ ਰਹੇ। ਉਨ੍ਹਾਂ ਨੇ ਟਵੀਟ ਕੀਤਾ ਕਿ ਤਾਜ਼ਾ ਵੀਡੀਓ ਦੇਖਣ ਤੋਂ ਬਾਅਦ ਇਸ ਸਮੇਂ ਜੇ ਕ੍ਰਿਕਟ ਜਗਤ ਸਿਆਹਫਾਮ ਵਿਅਕਤੀਆਂ ਵਿਰੁੱਧ ਹੋ ਰਹੀ ਨਾਇਨਸਾਫ਼ੀ ਖ਼ਿਲਾਫ਼ ਖੜ੍ਹਾ ਨਹੀਂ ਹੋਵੇਗਾ ਤਾਂ ਉਸ ਨੂੰ ਵੀ ਇਸ ਮੁਸ਼ਕਲ ਦਾ ਹਿੱਸਾ ਮੰਨਿਆ ਜਾਵੇਗਾ। 36 ਸਾਲ ਦੇ ਸੈਮੀ ਨੇ ਕਿਹਾ ਕਿ ਨਸਲਵਾਦ ਸਿਰਫ਼ ਅਮਰੀਕਾ ਵਿਚ ਹੀ ਨਹੀਂ ਬਲਕਿ ਦੁਨੀਆ ਵਿਚ ਸਿਆਹਫਾਮ ਵਿਅਕਤੀਆਂ ਨੂੰ ਸਹਿਣਾ ਪੈਂਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਆਈਸੀਸੀ ਤੇ ਹੋਰ ਬਾਕੀ ਸਾਰੇ ਬੋਰਡਾਂ ਨੂੰ ਕੀ ਦਿਖਾਈ ਨਹੀਂ ਦਿੰਦਾ ਕਿ ਮੇਰੇ ਵਰਗੇ ਲੋਕਾਂ ਦੇ ਨਾਲ ਕੀ ਹੁੰਦਾ ਹੈ। ਮੇਰੇ ਵਰਗੇ ਲੋਕਾਂ ਨਾਲ ਹੋ ਰਹੀ ਸਾਮਾਜਿਕ ਨਾਇਨਸਾਫ਼ੀ ਕੀ ਨਜ਼ਰ ਨਹੀਂ ਆਉਂਦੀ।

ਪਹਿਲੀ ਵਾਰ ਬੋਲੇ ਵੁਡਜ਼

ਫਲਾਇਡ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦੇ ਦਿੱਗਜ ਗੋਲਫਰ ਟਾਈਗਰ ਵੁਡਜ਼ ਨੇ ਵੀ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਦਿਲ ਫਲਾਇਡ, ਉਸ ਦੇ ਪਰਿਵਾਰ ਤੇ ਉਨ੍ਹਾਂ ਸਾਰਿਆਂ ਲਈ ਭਰਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਇਸ ਨਾਲ ਦੁੱਖ ਹੋਇਆ ਹੈ। ਵੁਡਜ਼ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਦੇਸ਼ ਦੇ ਕਾਨੂੰਨ ਦਾ ਸਨਮਾਨ ਕੀਤਾ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਥੇ, ਕਦ ਤੇ ਕਿਵੇਂ ਫੋਰਸ ਦੀ ਤਾਇਨਾਤੀ ਕਰਨੀ ਹੈ। ਇਸ ਹਾਦਸੇ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਉਥੇ ਮਾਨਚੈਸਟਰ ਯੂਨਾਈਟਿਡ ਦੇ ਫੁੱਟਬਾਲ ਪਾਲ ਪੋਗਬਾ ਨੇ ਕਿਹਾ ਹੈ ਕਿ ਮੈਂ ਫਲਾਇਡ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਹੁਣ ਸਮਾਂ ਆ ਗਿਆ ਹੈ ਜਦ ਨਸਲਵਾਦ ਨੂੰ ਰੋਕਣਾ ਪਵੇਗਾ।