ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਮੈਡਲ ਜੇਤੂ ਬਿਥੂੜੀ (56ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ 'ਚ ਆਸਾਨ ਜਿੱਤ ਨਾਲ ਫਿਲੀਪੀਂਸ ਦੇ ਲਾਬੂਆਨ ਬਾਜੋ 'ਚ ਚੱਲ ਰਹੇ ਪ੍ਰੈਜ਼ੀਡੈਂਟ ਕੱਪ ਮੁੱਕੇਬਾਜ਼ੀ ਟੂਰਨਾਮੈਂਟ 'ਚ ਮੈਡਲ ਪੱਕਾ ਕੀਤਾ। ਹੈਮਬਰਗ 'ਚ 2017 'ਚ ਹੋਈ ਵਿਸ਼ਵ ਮੁਕਾਬਲੇਬਾਜ਼ੀ 'ਚ ਭਾਰਤ ਨੇ ਇਕੋ ਇਕ ਮੈਡਲ ਜਿੱਤਣ ਵਾਲੇ ਬਿਥੂੜੀ ਨੇ ਬੁੱਧਵਾਰ ਦੀ ਸ਼ਾਮ ਨੂੰ ਅਫ਼ਗਾਨਿਸਤਾਨ ਦੇ ਵਾਰਿਸ ਕਰੀਮੀ ਨੂੰ ਹਰਾ ਕੇ ਆਖਰੀ ਚਾਰ ਗੇੜ 'ਚ ਥਾਂ ਪੱਕੀ ਕੀਤੀ। ਕੌਮੀ ਚੈਂਪੀਅਨਸ਼ਿਪ 'ਚ ਚਾਂਦੀ ਮੈਡਲ ਜੇਤੂ ਬਿਥੂੜੀ ਦਾ ਸਾਹਮਣਾ ਹੁਣ ਸਥਾਨਕ ਪ੍ਰਬਲ ਦਾਅਵੇਦਾਰਾਂ ਜੁਨਮਿਲਾਾਰਡੋ ਓਗਾਵਰੇ ਨਾਲ ਹੋਵੇਗਾ, ਜਿਨ੍ਹਾਂ ਨੇ ਕੋਰੀਆ ਦੇ ਕਿਮ ਹਾਏ ਜਿਨ ਨੂੰ ਹਰਾਇਆ।

ਦਿੱਲੀ ਦੇ ਇਸ ਮੁੱਕੇਬਾਜ਼ ਨੂੰ ਸਤੰਬਰ 'ਚ ਰੂਸ 'ਚ ਹੋਣ ਵਾਲੀ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਲਈ ਹਾਲ ਹੀ ਚੁਣੀ ਗਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ।

ਭਾਰਤੀ ਸਟਾਰ ਐੱਸਸੀ ਮੇਰੀ ਕਾਮ ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ ਤੇ ਉਹ ਸ਼ੁਰੂਆਤੀ ਰਾਊਂਡ 'ਚ ਬਾਈ ਮਿਲਣ ਨਾਲ 51 ਕਿਲੋਗ੍ਰਾਮ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਇੰਡੀਆ ਓਪਨ ਦੇ ਸੋਨੇ ਦਾ ਮੈਡਲ ਜੇਤੂ ਜਾਮੁਰਾ ਬੋਰੋ (54 ਕਿਲੋਗ੍ਰਾਮ) ਨੇ ਮਹਿਲਾ ਵਰਗ 'ਚ ਸੈਮੀਫਾਈਨਲ 'ਚ ਥਾਂ ਬਣਾਈ, ਜਦੋਂਕਿ ਮੋਨਿਕਾ ਨੇ ਫਾਈਨਲ 'ਚ ਪ੍ਰਵੇਸ਼ ਕੀਤਾ।