ਬਰਲਿਨ (ਆਈਏਐੱਨਐੱਸ) : ਜੇਡਨ ਸਾਂਚੋ ਦੀ ਸ਼ਾਨਦਾਰ ਹੈਟਿ੍ਕ ਦੇ ਦਮ 'ਤੇ ਬੋਰੂਸ਼ੀਆ ਡਾਰਟਮੰਡ ਨੇ ਪਿਛਲੀ ਹਾਰ ਤੋਂ ਬਾਅਦ ਜਿੱਤ ਦੀ ਪਟੜੀ 'ਤੇ ਵਾਪਸੀ ਕਰਦੇ ਹੋਏ ਜਰਮਨੀ ਦੀ ਫੁੱਟਬਾਲ ਲੀਗ ਬੁੰਦਸ਼ਲੀਗਾ ਲੀਗ ਦੇ ਮੈਚ 'ਚ ਪੇਡਰਬਾਰਨ ਦੀ ਟੀਮ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਮੈਚ ਦੇ ਪਹਿਲੇ ਹਾਫ 'ਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ ਤੇ ਪੇਡਰਬਾਰਨ ਨੇ ਸ਼ੁਰੂਆਤ 'ਚ ਕੁਝ ਮੌਕੇ ਵੀ ਬਣਾਏ। ਹਾਲਾਂਕਿ ਪਹਿਲੇ ਹਾਫ 'ਚ ਕੋਈ ਗੋਲ ਨਹੀਂ ਹੋ ਸਕਿਆ। ਦੂਜੇ ਹਾਫ ਦੇ ਸ਼ੁਰੂ ਹੋਣ ਤੋਂ ਬਾਅਦ ਥੋਰਗਨ ਹੇਜਾਰਡ ਨੇ ਗੋਲ ਕਰ ਕੇ ਡਾਰਟਮੰਡ ਦਾ ਖਾਤਾ ਖੋਲਿ੍ਹਆ। ਇਸ ਦੇ ਤਿੰਨ ਮਿੰਟ ਬਾਅਦ ਹੀ ਸਾਂਚੋ ਨੇ ਮੈਚ 'ਚ ਆਪਣਾ ਪਹਿਲਾ ਗੋਲ ਕਰ ਕੇ ਡਾਰਟਮੰਡ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ

ਮੈਚ 'ਚ ਦੋ ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ ਪੇਡਰਬਾਰਨ ਨੇਵੀ ਆਪਣਾ ਖਾਤਾ ਖੋਲਿ੍ਹਆ। ਡਾਰਟਮੰਡ ਨੇ ਇਕ ਵਾਰ ਫਿਰ ਤੋਂ ਵਾਪਸੀ ਕੀਤੀ ਤੇ 74ਵੇਂ ਮਿੰਟ 'ਚ ਤੇ 85ਵੇਂ ਮਿੰਟ 'ਚ ਅਸ਼ਰਫ ਹਕੀਮੀ ਦੇ ਗੋਲ ਦੇ ਸਹਾਰੇ ਮੈਚ 'ਚ 4-1 ਦੀ ਲੀਡ ਹਾਸਲ ਕਰ ਲਈ। ਡਾਰਟਮੰਡ ਦੀ ਟੀਮ ਨੇ ਮੈਚ ਦੇ ਆਖਰੀ ਸਮੇਂ ਤਕ ਗੋਲ ਕਰਨਾ ਜਾਰੀ ਰੱਖਿਆ ਤੇ 89ਵੇਂ ਮਿੰਟ 'ਚ ਉਸ ਨੇ ਮਾਰਸੇਲ ਸ਼ੇਮਲੇਜਰ ਤੇ ਇੰਜਰੀ ਟਾਈਮ 'ਚ ਸਾਂਚੋ ਦੇ ਤੀਸਰੇ ਗੋਲ ਦੇ ਸਹਾਰੇ 6-1 ਨਾਲ ਮੈਚ ਆਪਣੇ ਨਾਂ ਕਰ ਲਿਆ।

ਈਐੱਫਐੱਲ ਚੈਂਪੀਅਨਸ਼ਿਪ 20 ਜੂਨ ਤੋਂ ਵਾਪਸੀ ਲਈ ਤਿਆਰ

ਲੰਡਨ : ਇੰਗਲਿਸ਼ ਫੁੱਟਬਾਲ ਲੀਗ (ਈਐੱਫਐੱਲ) 20 ਜੂਨ ਨੂੰ ਵਾਪਸੀ ਕਰ ਸਕਦੀ ਹੈ। ਕੋਵਿਡ-19 ਕਾਰਨ ਲੀਗ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਸੈਸ਼ਨ 'ਚ ਹਾਲੇ 108 ਮੈਚ ਬਚੇ ਹਨ ਤੇ ਇਨ੍ਹਾਂ ਮੈਚਾਂ ਤੋਂ ਇਲਾਵਾ ਪਲੇਅ-ਆਫ ਮੈਚ ਵੀ ਖੇਡੇ ਜਾਣੇ ਹਨ। ਚੈਂਪੀਅਨਸ਼ਿਪ ਫਾਈਨਲ 30 ਜੁਲਾਈ ਨੂੰ ਹੋਣਾ ਹੈ। ਇਸ ਤੋਂ ਇਲਾਵਾ ਬਾਕੀ ਮੈਂਚਾਂ 'ਚ ਪੰਜ ਰਾਖਵੇਂ ਖਿਡਾਰੀਆਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤੇ ਨਾਲ ਹੀ ਮੈਚ ਦੇ ਦਿਨ ਟੀਮ ਦੇ ਖਿਡਾਰੀਆਂ ਦੀ ਗਿਣਤੀ 18 ਤੋਂ 20 ਹੋ ਸਕਦੀ ਹੈ।