ਲਾਸ ਏਂਜਲਸ (ਏਐੱਫਪੀ) : ਫਿਲਿਪ ਕਾਟੀਨ੍ਹੋ ਦੀ ਮਦਦ ਨਾਲ ਬ੍ਰਾਜ਼ੀਲ ਨੇ ਇਕ ਦੋਸਤਾਨਾ ਮੁਕਾਬਲੇ ਵਿਚ ਹੋਂਡੂਰਾਸ ਨੂੰ 7-0 ਨਾਲ ਕਰਾਰੀ ਮਾਤ ਦਿੱਤੀ। ਐਤਵਾਰ ਨੂੰ ਨੇਮਾਰ ਦੀ ਗ਼ੈਰਮੌਜੂਦਗੀ ਵਿਚ ਖੇਡਣ ਉਤਰੀ ਬ੍ਰਾਜ਼ੀਲ ਦੀ ਟੀਮ ਨੇ 10 ਖਿਡਾਰੀਆਂ ਨਾ ਲਖੇਡ ਰਹੀ ਹੋਂਡੂਰਾਸ ਦੀ ਟੀਮ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਬ੍ਰਾਜ਼ੀਲ ਨੇ ਆਪਣੇ ਘਰੇਲੂ ਮੈਦਾਨ 'ਤੇ ਹੋਣ ਵਾਲੇ ਕੋਪਾ ਅਮਰੀਕਾ ਕੱਪ ਦੀਆਂ ਤਿਆਰੀਆਂ ਨੂੰ ਵੀ ਪੁਖ਼ਤਾ ਕੀਤਾ। ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਕੋਪਾ ਅਮਰੀਕਾ ਕੱਪ ਵਿਚ ਪੈਰਿਸ ਸੇਂਟ ਜਰਮੇਨ ਦੇ ਸਟ੍ਰਾਈਕਰ ਨੇਮਾਰ ਸੱਟ ਕਾਰਨ ਨਹੀਂ ਖੇਡ ਸਕਣਗੇ। ਹਾਲਾਂਕਿ ਹੋਂਡੂਰਾਸ ਖ਼ਿਲਾਫ਼ ਉਨ੍ਹਾਂ ਦੀ ਗ਼ੈਰਮੌਜੂਦਗੀ 'ਚ ਕੋਟੀਨ੍ਹੋ ਨੇ ਪੈਨਲਟੀ ਰਾਹੀਂ ਇਕ ਗੋਲ ਕੀਤਾ ਤੇ ਇਕ ਗੋਲ ਕਰਨ ਦਾ ਮੌਕਾ ਤਿਆਰ ਕੀਤਾ। ਬ੍ਰਾਜ਼ੀਲ ਲਈ ਗੈਬਰੀਅਲ ਜੀਜਸ ਨੇ ਦੋ ਗੋਲ ਕੀਤੇ ਜਦਕਿ ਥਿਏਗੋ ਸਿਲਵਾ, ਡੇਵਿਡ ਨੇਰੇਸ, ਰਾਬਰਟੋ ਫਰਮੀਨੋ ਤੇ ਰਿਚਾਰਲਿਸਨ ਨੇ ਇਕ ਇਕ ਗੋਲ ਕੀਤਾ।