ਨਿਊਯਾਰਕ (ਏਐੱਫਪੀ) : 19 ਸਾਲ ਦੀ ਬਿਆਂਕਾ ਏਂਡ੍ਰੀਸਕੂ ਕੈਨੇਡਾ ਦੀ ਪਹਿਲੀ ਗਰੈਂਡ ਸਲੈਮ ਚੈਂਪੀਅਨ ਬਣ ਗਈ ਹੈ। ਉਨ੍ਹਾਂ ਨੇ 23 ਵਾਰ ਦੀ ਗਰੈਂਡ ਸਲੈਮ ਜੇਤੂ ਅਮਰੀਕਾ ਦੀ ਦਿੱਗਜ ਸੇਰੇਨਾ ਵਿਲੀਅਮਜ਼ ਨੂੰ ਸਿੱਧੇ ਸੈੱਟਾਂ ਵਿਚ 6-3, 7-5 ਨਾਲ ਹਰਾ ਕੇ ਯੂਐੱਸ ਓਪਨ ਦੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਏਂਡ੍ਰੀਸਕੂ ਪਿਛਲੇ 15 ਸਾਲ ਵਿਚ ਸਭ ਤੋਂ ਨੌਜਵਾਨ ਗਰੈਂਡ ਸਲੈਮ ਚੈਂਪੀਅਨ ਵੀ ਬਣੀ। ਇਸ ਤੋਂ ਪਹਿਲਾਂ ਯੂਐੱਸ ਓਪਨ 2004 ਵਿਚ ਸੇਵਤਲਾਨਾ ਕੁਜਨੇਤਸੋਵਾ ਨੇ ਖ਼ਿਤਾਬ ਜਿੱਤਿਆ ਸੀ। ਇਸ ਸੈਸ਼ਨ ਵਿਚ ਬਿਆਂਕਾ ਦਾ ਚੋਟੀ ਦੇ 10 ਖਿਡਾਰੀਆਂ ਖ਼ਿਲਾਫ਼ ਰਿਕਾਰਡ 8-0 ਦਾ ਸੀ। ਇਸ ਜਿੱਤ ਤੋਂ ਬਾਅਦ ਉਹ ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਪੁੱਜ ਜਾਵੇਗੀ। ਬਿਆਂਕਾ ਨੇ ਮੋਨਿਕਾ ਸੈਲੇਸ ਦੀ ਵੀ ਬਰਾਬਰੀ ਕਰ ਲਈ ਜਿਨ੍ਹਾਂ ਨੇ 1990 ਵਿਚ ਚੌਥਾ ਗਰੈਂਡ ਸਲੈਮ ਖੇਡਦੇ ਹੋਏ ਹੀ ਖ਼ਿਤਾਬ ਜਿੱਤ ਲਿਆ ਸੀ। ਬਿਆਂਕਾ ਨੇ ਵੀ ਚੌਥਾ ਗਰੈਂਡ ਸਲੈਮ ਖੇਡਦੇ ਹੋਏ ਟਰਾਫੀ ਆਪਣੇ ਨਾਂ ਕੀਤੀ। ਸੇਰੇਨਾ ਨੇ 1999 ਵਿਚ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ ਤਦ ਏਂਡ੍ਰੀਸਕੂ ਨੇ ਜਨਮ ਵੀ ਨਹੀਂ ਲਿਆ ਸੀ। ਬਿਆਂਕਾ ਨੇ ਬਿੱਗ ਹਿਟਿੰਗ ਬਿੱਗ ਸਰਵਿੰਗ ਸ਼ੈਲੀ ਦੀ ਹਮਲਾਵਰ ਖੇਡ ਦਿਖਾਉਂਦੇ ਹੋਏ ਸੇਰੇਨਾ ਨੂੰ ਹਰਾ ਕੇ ਨਾ ਸਿਰਫ਼ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਿਆ ਬਲਕਿ ਸੇਰੇਨਾ ਨੂੰ ਆਪਣਾ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਣ ਤੋਂ ਰੋਕ ਦਿੱਤਾ। 37 ਸਾਲ ਦੀ ਸੇਰੇਨਾ ਨੂੰ ਲਗਾਤਾਰ ਦੂਦੇ ਸਾਲ ਫਲਸ਼ਿੰਗ ਮਿਡੋਸ (ਯੂਐੱਸ ਓਪਨ) ਦੇ ਫਾਈਨਲ ਵਿਚ ਹਾਰ ਮਿਲੀ ਹੈ। ਪਿਛਲੇ ਸਾਲ ਜਾਪਾਨ ਦੀ ਨਾਓਮੀ ਓਸਾਕਾ ਨੇ ਉਨ੍ਹਾਂ ਨੂੰ ਹਰਾਇਆ ਸੀ। ਹੁਣ ਸੇਰੇਨਾ ਨੂੰ ਸਭ ਤੋਂ ਜ਼ਿਆਦਾ 24 ਗਰੈਂਡ ਸਲੈਮ ਜਿੱਤਣ ਦੇ ਮਾਰਗਰੇਟ ਕੋਰਟ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਜਨਵਰੀ ਵਿਚ ਹੋਣ ਵਾਲੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਤਕ ਦੀ ਉਡੀਕ ਕਰਨੀ ਪਵੇਗੀ। ਦੂਜੇ ਪਾਸੇ ਬਿਆਂਕਾ ਓਪਨ ਏਰਾ ਵਿਚ ਯੂਐੱਸ ਓਪਨ ਦੇ ਮੁੱਖ ਡਰਾਅ ਵਿਚ ਸ਼ੁਰੂਆਤ ਦੇ ਨਾਲ ਖ਼ਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ। ਬਿਆਂਕਾ ਨੇ ਹੁਣ ਤਕ ਆਪਣੇ ਕਰੀਅਰ ਵਿਚ ਸਿਰਫ਼ ਚਾਰ ਮੇਜਰ ਟੂਰਨਾਮੈਂਟਾਂ ਵਿਚ ਹਿੱਸਾ ਲਿਆ ਹੈ।

ਬਿਆਂਕਾ ਨੇ ਅਮਰੀਕੀ ਜਨਤਾ ਤੋਂ ਮੰਗੀ ਮਾਫ਼ੀ

ਨਿਊਯਾਰਕ : ਯੂਐੱਸ ਓਪਨ ਦੀ ਟਰਾਫੀ ਜਿੱਤਣ ਵਾਲੀ ਬਿਆਂਕਾ ਏਂਡ੍ਰੀਸਕੂ ਨੇ ਅਮਰੀਕੀ ਜਨਤਾ ਤੋਂ ਮਾਫ਼ੀ ਮੰਗੀ ਹੈ। ਬਿਆਂਕਾ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਕੈਨੇਡਾ ਦੀ ਖਿਡਾਰਨ ਬਣੀ ਹੈ। ਬਿਆਂਕਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਲੋਕ ਸੇਰੇਨਾ ਨੂੰ ਉਨ੍ਹਾਂ ਦਾ ਖ਼ਿਤਾਬ ਜਿੱਤਦੇ ਹੋਏ ਦੇਖਣ ਆਏ ਸੀ। ਇਸ ਲਈ ਮੈਂ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ। ਬਿਆਂਕਾ ਨਾਲ ਖੜ੍ਹੀ ਸੇਰੇਨਾ ਇਸ ਗੱਲ 'ਤੇ ਮੁਸਕੁਰਾ ਪਈ ਕਿਉਂਕਿ ਉਹ ਜਾਣਦੀ ਸੀ ਕਿ ਬਿਆਂਕਾ ਨੇ ਇਤਿਹਾਸ ਰਚ ਦਿੱਤਾ ਹੈ। ਬਿਆਂਕਾ ਨੇ ਕਿਹਾ ਕਿ ਮੈਂ ਸੇਰੇਨਾ ਵਰਗੀ ਦਿੱਗਜ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਵਿਚ ਕਾਮਯਾਬ ਰਹੀ।

ਆਪਣੇ ਖੇਡ ਦੇ ਪੱਧਰ ਤੋਂ ਨਿਰਾਸ਼ ਹੈ ਸੇਰੇਨਾ

ਨਿਊਯਾਰਕ : ਸੇਰੇਨਾ ਵਿਲੀਅਮਜ਼ ਨੇ ਫਾਈਨਲ ਵਿਚ ਆਪਣੇ ਖੇਡ ਦੇ ਪੱਧਰ ਨੂੰ ਲੈ ਕੇ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ। ਮੈਚ ਤੋਂ ਬਾਅਦ ਸੇਰੇਨਾ ਨੇ ਕਿਹਾ ਕਿ ਮੈਨੂੰ ਬਿਆਂਕਾ ਨਾਲ ਪਿਆਰ ਹੈ। ਉਹ ਚੰਗੀ ਕੁੜੀ ਹੈ ਪਰ ਇਹ ਮੇਰੇ ਲਈ ਟੂਰਨਾਮੈਂਟ ਦਾ ਸਭ ਤੋਂ ਘਟੀਆ ਮੈਚ ਰਿਹਾ। ਮੈਂ ਬਹੁਤ ਖ਼ਰਾਬ ਖੇਡ ਦਿਖਾਈ। ਪੂਰੇ ਟੂਰਨਾਮੈਂਟ ਵਿਚ ਚੰਗਾ ਖੇਡਣ ਤੋਂ ਬਾਅਦ ਫਾਈਨਲ ਵਿਚ ਅਜਿਹੀ ਖੇਡ ਦੀ ਮੈਨੂੰ ਖ਼ੁਦ ਤੋਂ ਕਦੀ ਉਮੀਦ ਨਹੀਂ ਸੀ। ਮੈਨੂੰ ਲਗਦਾ ਹੈ ਕਿ ਮੈਂ ਇਸ ਤੋਂ ਬਿਹਤਰ ਖੇਡ ਸਕਦੀ ਸੀ। ਮੈਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਮਾਨਦਾਰੀ ਨਾਲ ਕਹਾਂ ਤਾਂ ਇਹ ਕਾਫੀ ਨਿਰਾਸ਼ਾਜਨਕ ਹੈ। ਮੈਂ ਕਾਫੀ ਨੇੜੇ ਸੀ ਤੇ ਹੁਣ ਕਾਫੀ ਦੂਰ ਹੋ ਗਈ ਹਾਂ।