ਅੰ ਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਛੇਹਰਟਾ ਦੇ ਰਹਿਣ ਵਾਲੇ ਕੌਮਾਂਤਰੀ ਸਾਈਕਲਿਸਟ ਤੇ ਰੇਲਵੇ ਤੋਂ ਸੇਵਾ ਮੁਕਤ ਸੀਆਈਟੀ ਬਾਵਾ ਸਿੰਘ ਭੋਮਾ ਦਾ ਸਮੁੱਚਾ ਪਰਿਵਾਰ ਸਾਈਕਲਿੰਗ ਖੇਡ ਨੂੰ ਸਮਰਪਿਤ ਹੈ।

ਸਾਈਕਲਿੰਗ ਦੀ ਸ਼ੁਰੂਆਤ

ਕਸਬਾ ਮੀਠਾ, ਨੇੜਲੇ ਪਿੰਡ ਭੋਮਾ ਦੇ ਰਹਿਣ ਵਾਲੇ ਕੌਮਾਤਰੀ ਸਾਈਕਲਿਸਟ ਤੇ ਰੇਲਵੇ ਦੇ ਚੈਂਪੀਅਨ ਰਹੇ ਅਜੈਬ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਬਾਵਾ ਸਿੰਘ ਭੋਮਾ ਦਾ ਜਨਮ 3 ਮਾਰਚ 1959 ਨੂੰ ਹੋਇਆ। ਪਿੰਡ ਦੇ ਸਰਕਾਰੀ ਹਾਈ ਸਕੂਲ 'ਚ ਪੜ੍ਹਦਿਆਂ ਉਨ੍ਹਾਂ ਨੇ ਇਸ ਖੇਡ ਨੂੰ ਅਪਣਾਇਆ ਤੇ 1982 ਵਿਚ ਉਹ ਸਟੇਟ ਚੈਂਪੀਅਨ ਬਣੇ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ 1983 'ਚ ਉਨ੍ਹਾਂ ਨੂੰ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਵਿਖੇ ਨੌਕਰੀ ਦੇ ਕੇ ਨਿਵਾਜਿਆ। 1984 ਵਿਚ ਬੰਗਲੌਰ ਵਿਖੇ ਕੌਮੀ ਸਾਇਕਲਿੰਗ ਪ੍ਰਤੀਯੋਗਤਾ 'ਚ ਉਹ ਚੈਂਪੀਅਨ ਬਣੇ ਤੇ ਫਿਰ 1985 ਤੋਂ 1988 ਤਕ ਲਗਾਤਾਰ 4 ਸਾਲ ਰੇਲਵੇ ਦੇ ਚੈਂਪੀਅਨ ਰਹੇ। ਬਾਵਾ ਸਿੰਘ ਭੋਮਾ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਰੇਲਵੇ ਨੇ ਉਨ੍ਹਾਂ ਨੂੰ ਟੀਟੀਈ ਦੇ ਅਹੁੱਦੇ ਨਾਲ ਨਿਵਾਜਿਆ। 1986 'ਚ ਉਨ੍ਹਾਂ ਆਲ ਇੰਡੀਆ ਰੇਲਵੇ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਤੇ ਬੇਮਿਸਾਲ ਪਰਸੂਨ ਤੇ 150 ਕਿਲੋਮੀਟਰ ਰੋਡ ਸਾਇਕਲਿੰਗ ਖਿਡਾਰੀ ਹੋਣ ਦਾ ਸਬੂਤ ਦਿੱਤਾ।

ਖਿਡਾਰੀਆਂ ਦੀ ਸਿਖਲਾਈ

1987 ਵਿਚ ਖੇਡਾਂ ਨੂੰ ਸਮਰਪਿਤ ਪਰਿਵਾਰ ਦੀ ਬੇਟੀ ਤਜਿੰਦਰ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਤੇ ਉਨ੍ਹਾਂ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ। ਸ਼੍ਰੀ ਭੋਮਾ ਆਪਣੇ ਬੇਟੇ ਮਨਜੀਤ ਸਿੰਘ ਭੋਮਾ ਤੇ ਅਮਰਜੀਤ ਸਿੰਘ ਭੋਮਾ ਸਮੇਤ 4 ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤਕ ਖੇਡਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਇਕ ਕੌਮੀ ਪੱਧਰ ਦੇ ਖਿਡਾਰੀ ਤੇ ਦਰਜਨਾਂ ਖਿਡਾਰੀਆਂ ਦੀ ਸੂਬਾਈ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰ ਚੁੱਕੇ ਹਨ। ਉਨ੍ਹਾਂ ਨੇ ਬਿਨਾਂ ਸਵਾਰਥ 20 ਹਜ਼ਾਰ ਤੋਂ ਲੈ ਕੇ 8 ਲੱਖ ਰੁਪਏ ਤਕ ਦੀ ਕੀਮਤ ਵਾਲੇ ਸਾਇਕਲਾਂ 'ਤੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ। ਕੌਮਾਂਤਰੀ ਪੱਧਰ ਦੇ ਸਾਇਕਲਿਸਟ ਗੁਰਬਾਜ਼ ਸਿੰਘ, ਰੂਬਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਨੂੰ ਉੱਨ੍ਹਾਂ ਜਿੱਥੇ ਫ੍ਰੀ ਕੋਚਿੰਗ ਦਿੱਤੀ ਉੱਥੇ ਉਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਵੀ ਆਪਣੇ ਘਰ ਵਿਚ ਕੀਤਾ।

ਪਰਿਵਾਰ ਦੀਆਂ ਖੇਡ ਪ੍ਰਾਪਤੀਆਂ

ਬਾਵਾ ਸਿੰਘ ਭੋਮਾ ਨੇ ਦੱਸਿਆ ਕਿ ਉਹ ਇਸ ਪਿਤਾ ਪੁਰਖੀ ਖੇਡ ਨਾਲ ਵੱਡੇ ਬੇਟੇ ਮਨਜੀਤ ਸਿੰਘ ਭੋਮਾ ਨੂੰ ਵੀ ਜੋੜ ਚੁੱਕੇ ਹਨ, ਜਿਸ ਨੇ ਟਾਈਮ ਟ੍ਰਾਇਲ ਤੇ ਸਪਰਿੰਟ ਮੁਕਾਬਲੇ 'ਚ ਇੰਟਰ-'ਵਰਿਸਟੀ ਪੱਧਰ 'ਤੇ ਬੈਸਟ ਸਾਇਕਲਿਸਟ ਹੋਣ ਦੇ ਨਾਲ-ਨਾਲ 4 ਸੋਨ ਤਗਮੇ ਤੇ ਕੌਮੀ ਪੱਧਰ 'ਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਦਾ ਛੋਟਾ ਬੇਟਾ ਅਮਰਜੀਤ ਸਿੰਘ ਭੋਮਾ 9 ਸਾਲ ਤੋਂ ਨੈਸ਼ਨਲ ਚੈਂਪੀਅਨ ਹੈ। ਅਮਰਜੀਤ ਸਿੰਘ ਕਾਮਨਵੈਲਥ ਤੇ ਏਸ਼ੀਅਨ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਦੇ ਨਾਲ-ਨਾਲ 2019 ਦੇ ਏਸ਼ਿਆਈ ਕੱਪ ਮੁਕਾਬਲਿਆਂ 'ਚ ਸੋਨੇ, ਚਾਂਦੀ ਤੇ ਕਾਂਸੇ ਦਾ ਤਗਮਾ ਜਿੱਤ ਚੁੱਕਾ ਹੈ। ਅਮਰਜੀਤ ਸਿੰਘ ਨੇ ਇਸ ਖੇਡ ਦੇ ਬਲਬੂਤੇ ਭਾਰਤੀ ਰੇਲਵੇ 'ਚ ਟੀਸੀਆਰ ਦੀ ਨੌਕਰੀ ਪ੍ਰਾਪਤ ਕੀਤੀ ਹੈ। ਬਾਵਾ ਸਿੰਘ ਭੋਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇ ਖੇਡਾਂ ਪ੍ਰਤੀ ਆਕਰਸ਼ਿਤ ਕੀਤਾ ਜਾਵੇ ਤਾਂ ਉਹ ਵੱਡੀਆਂ ਪ੍ਰਾਪਤੀਆਂ ਦੇ ਸਮਰੱਥ ਹਨ ਤੇ ਕੁਰਾਹੇ ਪੈਣ ਤੋਂ ਵੀ ਬਚੇ ਰਹਿਣਗੇ। ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਾਵਾ ਸਿੰਘ ਭੋਮਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੂਰੀ ਸ਼ਿੱਦਤ ਨਾਲ ਸਾਈਕਲਿੰਗ ਖੇਡ ਨੂੰ ਸਮਰਪਿਤ ਹੈ। ਉਹ ਨੌਜਵਾਨਾਂ ਨੂੰ ਇਸ ਖੇਡ ਦੀ ਸਿਖਲਾਈ ਦੇਣ ਵਾਸਤੇ ਇਕ ਅਕੈਡਮੀ ਦੀ ਸਥਾਪਨਾ ਕਰਨ ਦੇ ਚਾਹਵਾਨ ਹਨ।

- ਗੁਰਮੀਤ ਸੰਧੂ

98153-57499

Posted By: Harjinder Sodhi