ਦੁਬਈ (ਏਜੰਸੀ) : ਭਾਰਤੀ ਖਿਡਾਰੀ ਪ੍ਰਮੋਦ ਭਗਤ ਤੇ ਸੁਕਾਂਤ ਕਦਮ ਤੀਜੇ ਦੁਬਈ ਪੈਰਾ ਬੈਡਮਿੰਟਨ ਟੂਰਨਾਮੈਂਟ 'ਚ ਸ਼ਨਿਚਰਵਾਰ ਆਪਣੇ-ਆਪਣੇ ਵਰਗ ਦੇ ਆਖਰੀ ਚਾਰ ਮੈਚ ਜਿੱਤ ਕੇ ਫਾਈਨਲ 'ਚ ਪੁੱਜ ਗਏ ਹਨ। ਐੱਸਐੱਲ ਤਿੰਨ ਵਰਗ 'ਚ ਦੁਨੀਆ ਦੇ ਪਹਿਲੇ ਨੰਬਰ ਦੇ ਖਿਡਾਰੀ ਭਗਤ ਨੇ ਸੈਮੀਫਾਈਨਲ 'ਚ ਮਲੇਸ਼ੀਆ ਦੇ ਮੁਹੰਮਦ ਹੂਜੈਰੀ ਅਬਦੁੱਲ ਮਾਲੇਕ ਨੂੰ 21-7,21-17 ਨਾਲ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਕੁਮਾਰ ਨਿਤੀਸ਼ ਨਾਲ ਹੋਵੇਗਾ। ਪੁਰਸ਼ ਡਬਲਜ਼ 'ਚ ਭਗਤ ਤੇ ਮਨੋਜ ਸਰਕਾਰ ਦੀ ਜੋੜੀ ਨੇ ਸੈਮੀਫਾਈਨਲ 'ਚ ਮੁਹੰਮਦ ਅਰਵਾਜ ਅੰਸਾਰੀ ਤੇ ਦੀਪ ਰੰਜਨ ਬਿਸੋਈ ਦੀ ਜੋੜੀ ਨੂੰ ਸੰਘਰਸ਼ ਪੂਰਨ ਮੁਕਾਬਲੇ 'ਚ 21-19, 23-21 ਨਾਲ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਕਦਮ ਤੇ ਨਿਤੇਸ਼ ਦੀ ਜੋੜੀ ਨਾਲ ਹੋਵੇਗਾ। ਭਗਤ ਤੇ ਪਲਕ ਕੋਹਲੀ ਦੀ ਮਿਕਸਡ ਡਬਲਜ਼ ਦੀ ਜੋੜੀ ਨੂੰ ਹਾਲਾਂਕਿ ਸੈਮੀਫਾਈਨਲ 'ਚ ਫਰਾਂਸ ਦੀ ਲੁਕਾਸ ਮਾਜੁਰ ਤੇ ਫੌਕਤਿਨੇ ਨੋਏਲ ਦੀ ਜੋੜੀ ਕੋਲੋਂ 17-21, 5-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐੱਸਐੱਲ ਚਾਰ ਵਰਗ ਦੇ ਸੈਮੀਫਾਈਨਲ 'ਚ ਕਦਮ ਨੇ ਜਰਮਨੀ ਦੇ ਮਾਰਸੇਲ ਏਡਮ ਨੂੰ ਆਸਾਨੀ ਨਾਲ 21-11,21-11 ਨਾਲ ਹਰਾਇਆ।