ਅਲ ਰਿਆਨ (ਏਪੀ) : ਕਤਰ ’ਚ ਟਰਾਫੀ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਵਿਸ਼ਵ ਦੀ ਨੰਬਰ ਦੋ ਟੀਮ ਬੈਲਜੀਅਮ ਨੇ ਵਿਸ਼ਵ ਕੱਪ ਮੁਹਿੰਮ ਦੀ ਚੰਗੀ ਸ਼ੁਰੂਆਤ ਨਹੀਂ ਕੀਤੀ ਜਿਵੇਂ ਕਿ ਉਸ ਤੋਂ ਉਮੀਦ ਕੀਤੀ ਗਈ ਸੀ। ਬੁੱਧਵਾਰ ਦੇਰ ਰਾਤ ਖੇਡੇ ਗਏ ਮੈਚ ਵਿਚ ਬੇਰੰਗ ਦਿਖੀ ਬੈਲਜੀਅਮ ਨੇ ਆਖ਼ਰੀ ਮਿੰਟਾਂ ਵਿਚ ਮਿਕੀ ਬਾਤਸੁਆਈ ਦੇ ਗੋਲ ਦੀ ਬਦੌਲਤ 36 ਸਾਲ ਬਾਅਦ ਵਿਸ਼ਵ ਕੱਪ ਵਿਚ ਵਾਪਸੀ ਕਰ ਰਹੀ ਕੈਨੇਡਾ ਦੀ ਟੀਮ ਨੂੰ ਹਰਾ ਦਿੱਤਾ ਪਰ ਕੋਚ ਰਾਬਰਟੋ ਮਾਰਟੀਨੇਜ ਤੇ ਕਪਤਾਨ ਕੇਵਿਨ ਡੀ ਬਰੂਨ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਦਿਖਾਈ ਦਿੱਤੇ।

ਬੈਲਜੀਅਮ ਦੇ ਗੋਲਕੀਪਰ ਥਿਬਾਉਟ ਕੌਰਟੋਇਸ ਨੇ ਜੇ ਸ਼ੁਰੂ ਵਿਚ ਪੈਨਲਟੀ ਨਾ ਬਚਾਈ ਹੁੰਦੀ ਤਾਂ ਵਿਸ਼ਵ ਕੱਪ ਵਿਚ ਇਕ ਹੋਰ ਵੱਡਾ ਉਲਟਫੇਰ ਹੋ ਸਕਦਾ ਸੀ। ਇਸ ਮੈਚ ਵਿਚ ਬੈਲਜੀਅਮ ਲਈ ਜਿੱਤ ਤੋਂ ਇਲਾਵਾ ਮੈਚ ਵਿਚ ਜਸ਼ਨ ਮਨਾਉਣ ਵਾਲੀ ਕੋਈ ਹੋਰ ਚੀਜ਼ ਨਹੀਂ ਸੀ। ਬੈਲਜੀਅਮ ਦੀ ਉਮਰਦਰਾਜ ਟੀਮ ਨੂੰ ਕੁਝ ਮੌਕਿਆਂ ’ਤੇ ਕੈਨੇਡਾ ਨੇ ਸਖ਼ਤ ਚੁਣੌਤੀ ਦਿੱਤੀ। ਕੈਨੇਡਾ ਨੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਹੁਣ ਤਕ ਜੋ ਚਾਰ ਮੈਚ ਖੇਡੇ ਹਨ ਉਹ ਉਨ੍ਹਾਂ ਸਾਰਿਆਂ ਵਿਚ ਗੋਲ ਕਰਨ ਵਿਚ ਨਾਕਾਮ ਰਹੀ ਹੈ। ਉਸ ਨੇ 1986 ਦੇ ਵਿਸ਼ਵ ਕੱਪ ਵਿਚ ਤਿੰਨ ਮੈਚ ਖੇਡੇ ਸਨ ਜਿਸ ਵਿਚ ਉਹ ਗੋਲ ਨਹੀਂ ਕਰ ਸਕੀ ਸੀ। ਕੈਨੇਡਾ ਨੇ ਸ਼ੁਰੂ ਤੋਂ ਹੀ ਹਮਲਾਵਰ ਵਤੀਰਾ ਅਪਣਾਇਆ ਜਿਸ ਦਾ ਅੰਦਾਜ਼ਾ ਇਸ ਨਾਲ ਲਾਇਆ ਜਾ ਸਕਦਾ ਹੈ ਕਿ ਉਸ ਨੇ ਗੋਲ ’ਤੇ 21 ਸ਼ਾਟ ਲਾਏ ਜਦਕਿ ਬੈਲਜੀਅਮ ਨੌਂ ਸ਼ਾਟ ਹੀ ਲਾ ਸਕਿਆ।

Posted By: Jaswinder Duhra