ਲਾਸ ਏਂਜਲਸ (ਏਐੱਫਪੀ) : ਸਪੈਨਿਸ਼ ਕਲੱਬ ਰੀਅਲ ਮੈਡਰਿਡ ਨੂੰ ਪ੍ਰਰੀ ਸੈਸ਼ਨ ਟੂਰ 'ਤੇ ਖੇਡੇ ਗਏ ਇਕ ਮੈਚ ਵਿਚ ਇੱਥੇ ਬਾਇਰਨ ਮਿਊਨਿਖ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਵਿਚ ਰੀਅਲ ਮੈਡਰਿਡ ਵੱਲੋਂ ਬੈਲਜੀਅਮ ਦੇ ਫਾਰਵਰਡ ਈਡਨ ਹੈਜ਼ਾਰਡ ਨੇ ਸ਼ੁਰੂਆਤ ਕੀਤੀ। ਹਾਲਾਂਕਿ ਉਨ੍ਹਾਂ ਨੂੰ ਗੋਲ ਕਰਨ ਵਿਚ ਕਾਮਯਾਬੀ ਨਹੀਂ ਮਿਲੀ। ਹੈਜ਼ਾਰਡ ਇੰਗਲਿਸ਼ ਕਲੱਬ ਚੇਲਸੀ ਤੋਂ ਰੀਅਲ ਮੈਡਰਿਡ ਆਏ ਹਨ। ਰੀਅਲ ਲਈ ਇਸ ਮੈਚ ਵਿਚ ਸਟਾਰ ਖਿਡਾਰੀ ਗੇਰੇਥ ਬੇਲ ਨਹੀਂ ਖੇਡੇ। ਪਹਿਲੇ ਅੱਧ ਵਿਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ।