ਬਰਲਿਨ (ਏਐੱਫਪੀ) : ਰਾਬਰਟ ਲੇਵਾਨਦੋਵਸਕੀ ਦੇ ਸੈਸ਼ਨ ਦੇ 26ਵੇਂ ਲੀਗ ਗੋਲ ਦੀ ਮਦਦ ਨਾਲ ਚੋਟੀ 'ਤੇ ਚੱਲ ਰਹੇ ਬਾਇਰਨ ਮਿਊਨਿਖ ਨੇ ਬੁੰਦਿਸ਼ਲੀਗਾ ਫੁੱਟਬਾਲ ਲੀਗ ਵਿਚ ਦੋ ਮਹੀਨੇ ਵਿਚ ਆਪਣੇ ਪਹਿਲੇ ਮੈਚ ਵਿਚ ਖ਼ਿਤਾਬ ਦੀ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਯੂਨੀਅਨ ਬਰਲਿਨ ਨੂੰ ਖਾਲੀ ਸਟੇਡੀਅਮ ਵਿਚ 2-0 ਨਾਲ ਹਰਾਇਆ। ਲੇਵਾਨਦੋਵਸਕੀ ਨੇ ਪਹਿਲੇ ਅੱਧ ਵਿਚ ਪੈਨਲਟੀ 'ਤੇ ਗੋਲ ਕੀਤਾ ਜਦਕਿ ਡਿਫੈਂਡਰ ਬੇਂਜਾਮਿਨ ਪੇਵਾਰਡ ਨੇ ਦੂਜੇ ਅੱਧ ਦੇ ਆਖ਼ਰੀ ਸਮੇਂ ਵਿਚ ਹੈਡਰ ਨਾਲ ਗੋਲ ਕਰ ਕੇ ਬਾਇਰਨ ਦੀ 2-0 ਨਾਲ ਜਿੱਤ ਯਕੀਨੀ ਕੀਤੀ। ਸ਼ਨਿਚਰਵਾਰ ਨੂੰ ਇਹ ਲੀਗ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਦੁਬਾਰਾ ਸ਼ੁਰੂ ਹੋਣ ਵਾਲੀ ਯੂਰਪ ਦੀ ਪਹਿਲੀ ਚੋਟੀ ਦੀ ਲੀਗ ਬਣੀ ਸੀ। ਪੋਲੈਂਡ ਦੇ ਸਟਾਰ ਲੇਵਾਨਦੋਵਸਕੀ ਮਾਰਚ ਦੇ ਮੱਧ ਵਿਚ ਲੀਗ ਦੇ ਮੁਲਤਵੀ ਹੋਣ ਤੋਂ ਪਹਿਲਾਂ ਸੱਟ ਕਾਰਨ ਦੋ ਮੈਚਾਂ ਵਿਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਇਸ ਸੈਸ਼ਨ ਵਿਚ ਬਾਇਰਨ ਲਈ ਸਾਰੀਆਂ ਚੈਂਪੀਅਨਸ਼ਿਪਾਂ ਵਿਚ 40 ਗੋਲ ਕੀਤੇ ਹਨ। ਬਾਇਰਨ ਨੇ ਅੰਕ ਸੂਚੀ ਵਿਚ ਬੋਰੂਸੀਆ ਡਾਰਟਮੰਡ 'ਤੇ ਚਾਰ ਅੰਕਾਂ ਦੀ ਬੜ੍ਹਤ ਬਣਾ ਲਈ ਹੈ।

ਕੁਝ ਖ਼ਾਸ

-ਬੁੰਦਿਸ਼ਲੀਗਾ ਵਿਚ ਹਰਥਾ ਬਰਲਿਨ ਦੇ ਡਿਫੈਂਡਰ ਬੋਯਾਟਾ ਨੇ ਮਾਰਕੋ ਗਰੁਜਿਕ ਦੇ ਸੰਪਰਕ ਵਿਚ ਆਉਣ ਲਈ ਮਾਫੀ ਮੰਗੀ ਹੈ।

-ਲਾ ਲੀਗਾ ਨੇ ਆਪਣੇ ਕਲੱਬਾਂ ਨੂੰ ਕਿਹਾ ਹੈ ਕਿ ਉਹ 10 ਖਿਡਾਰੀਆਂ ਤਕ ਦੇ ਗਰੁੱਪ ਵਿਚ ਟ੍ਰੇਨਿੰਗ ਕਰਦ ਸਕਦੇ ਹਨ। ਇਸ ਦੇ ਨਾਲ ਹੀ ਟੀਮਾਂ ਨੇ ਫੁੱਟਬਾਲ ਸੈਸ਼ਨ ਨੂੰ ਅਗਲੇ ਮਹੀਨੇ ਦੁਬਾਰਾ ਸ਼ੁਰੂ ਕਰਨ ਦੀ ਸੰਭਾਵਤ ਯੋਜਨਾ ਵੱਲ ਇਕ ਹੋਰ ਕਦਮ ਵਧਾਇਆ ਹੈ।

-ਇਟਲੀ ਦੀ ਲੀਗ ਸੀਰੀ-ਏ ਦੇ ਕਲੱਬ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ 14 ਦਿਨ ਤਕ ਕੁਆਰੰਟਾਈਨ ਵਿਚ ਰਹਿਣ ਤੋਂ ਬਾਅਦ ਮੰਗਲਵਾਰ ਤੋਂ ਟੀਮ ਦੀ ਟ੍ਰੇਨਿੰਗ ਵਿਚ ਹਿੱਸਾ ਲੈਣਗੇ।