ਦੁਨੀਆ ਵਿਚ ਭਾਰਤ ਕਈ ਦਹਾਕਿਆਂ ਤੋਂ ਕਿ੍ਰਕਟ ਖੇਡ ਦਾ ‘ਪਾਵਰ ਹਾਊਸ’ ਮੰਨਿਆ ਜਾਂਦਾ ਹੈ। ਕਿ੍ਰਕਟ ਨੂੰ ਛੱਡ ਕੇ ਅਸੀਂ ਅਜਿਹੇ ਦੇਸ਼ ਵਜੋਂ ਨਹੀਂ ਜਾਣੇ ਜਾਂਦੇ ਜਿਸ ਨੇ ਅੰਤਰਰਾਸਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹੋਣ। ਸਾਲ 2012 ਵਿਚ ਭਾਰਤ ਨੇ ਲੰਡਨ ਓਲੰਪਿਕ ਵਿਚ ਆਪਣੀ ਸਭ ਤੋਂ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ 2 ਚਾਂਦੀ ਤੇ 4 ਕਾਂਸੀਂ ਦੇ ਤਗਮੇ ਜਿੱਤੇ ਸਨ। ਹਾਲਾਂਕਿ ਰੀਓ ਓਲੰਪਿਕ ਵਿਚ 117 ਅਥਲੀਟਾਂ ਦੇ ਸਭ ਤੋਂ ਵੱਡੇ ਖੇਡ ਦਲ ਨੇ ਸ਼ਮੂਲੀਅਤ ਕੀਤੀ ਸੀ ਪਰ ਫਿਰ ਵੀ ਸਿਰਫ਼ 2 ਤਗਮੇ ਹੀ ਭਾਰਤ ਦੀ ਝੋਲੀ ਪਏ। ਜੇ ਭਾਰਤੀ ਬਾਸਕਟਬਾਲ ਖੇਡ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਬਾਸਕਟਬਾਲ ਟੀਮ ਨੇ ਪਹਿਲੀ ਵਾਰ 1965 ਵਿਚ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ’ਚ ਭਾਗ ਲਿਆ। ਪਹਿਲੀ ਵਾਰ ਸੰਨ 1980 ਦੀਆਂ ਓਲੰਪਿਕ ਖੇਡਾਂ ’ਚ ਭਾਰਤੀ ਬਾਸਕਟਬਾਲ ਟੀਮ ਨੂੰ ਖੇਡਣ ਦਾ ਮੌਕਾ ਮਿਲਿਆ। ਭਾਰਤੀ ਬਾਸਕਟਬਾਲ ਖੇਡ ਦੇ ਜਨਮ ਦੀ ਗੱਲ ਕਰੀਏ ਤਾਂ ਰਾਸ਼ਟਰੀ ਪੱਧਰ ’ਤੇ ਸਾਲ 1934 ਵਿਚ ਪਹਿਲਾ ਟੂਰਨਾਮੈਂਟ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਏਸ਼ਿਆਈ ਖੇਡਾਂ, ਦੱਖਣੀ ਏਸ਼ਿਆਈ ਖੇਡਾਂ, ਰਾਸਟਰਮੰਡਲ ਖੇਡਾਂ, ਐੱਫਆਈਬੀ ਏਸ਼ੀਅਨ ਚੈਂਪੀਅਨਜ ਕੱਪ ਵਰਗੇ ਵੱਡੇ ਟੂਰਨਾਮੈਂਟਾਂ ’ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਦੇਸ਼ ਦਾ ਚਮਕਾਇਆ ਨਾਂ

ਅੱਜ ਅਸੀਂ ਇਕ ਅਜਿਹੇ ਬਾਸਕਟਬਾਲ ਖਿਡਾਰੀ ਦੀ ਗੱਲ ਕਰ ਰਹੇ ਹਾਂ ਜਿਸ ਨੇ ਪੂਰੀ ਦੁਨੀਆ ’ਚ ਦੇਸ਼ ਅਤੇ ਸੂਬੇ ਦਾ ਨਾਂ ਰੋਸਨ ਕੀਤਾ ਹੈ। ਉਸ ਖਿਡਾਰੀ ਦਾ ਨਾਂ ਹੈ ਯਾਦਵਿੰਦਰ ਸਿੰਘ ਯਾਦੂ। ਮਾਝੇ ਦੀ ਧਰਤੀ ਦੇ ਜੰਮਪਲ ਯਾਦਵਿੰਦਰ ਸਿੰਘ ਯਾਦੂ ਨੇ ਪੂਰੀ ਦੁਨੀਆ ’ਚ ਆਪਣੀ ਖੇਡ ਦਾ ਲੋਹਾ ਮਨਵਾਇਆ। ਯਾਦਵਿੰਦਰ ਪੇਸ਼ੇਵਰ ਭਾਰਤੀ ਬਾਸਕਟਬਾਲ ਖਿਡਾਰੀ ਹੈ ਜਿਸ ਨੂੰ ‘ਗੋਲ ਮਸ਼ੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਖਿਡਾਰੀ ਦੇ ਕੀਤੇ ਗੋਲਾਂ ਸਦਕਾ ਭਾਰਤੀ ਟੀਮ ਨੇ ਅਨੇਕਾਂ ਅੰਤਰਰਾਸਟਰੀ ਪੱਧਰ ਦੇ ਤਗਮੇ ਜਿੱਤੇ। 6 ਫੁੱਟ 6 ਇੰਚ ਕੱਦ, ਸਾਊ ਸੁਭਾਅ ਵਾਲਾ ਯਾਦਵਿੰਦਰ ਸਿੰਘ ਯਾਦੂ ਭਾਰਤੀ ਬਾਸਕਟਬਾਲ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀਆਂ ਵਿੱਚੋਂ ਇਕ ਹੈ।

ਖੇਡ ਦੀ ਸ਼ੁਰੂਆਤ

ਯਾਦੂ ਨੇ ਦੋ ਏਸ਼ਿਆਈ ਖੇਡਾਂ, ਦੋ ਰਾਸਟਰਮੰਡਲ ਖੇਡਾਂ, ਚਾਰ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਭਾਰਤੀ ਬਾਸਕਟਬਾਲ ਟੀਮ ਦੀ ਪ੍ਰਤੀਨਿਧਤਾ ਕੀਤੀ। ਯਾਦਵਿੰਦਰ ਦੱਖਣੀ ਏਸੀਆਈ ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਦਾ ਅਹਿਮ ਖਿਡਾਰੀ ਸੀ। ਯਾਦਵਿੰਦਰ ਅਥਲੈਟਿਕਸ ਦੇ ਡਿਸਕਸ ਥਰੋਅਰ ਈਵੈਂਟਾਂ ਦੀ ਤਿਆਰੀ ਲਈ ਖੇਡ ਗਰਾਊਂਡ ਵਲ ਮੁੜਿਆ ਅਤੇ ਉਸ ਨੇ ਡੀਏਵੀ ਸਕੂਲ ਅੰਮਿ੍ਰਤਸਰ ਵਿਖੇ ਆਪਣੀ ਖੇਡ ਨੂੰ ਨਿਖਾਰਿਆ। ਉਨ੍ਹੀਂ ਦਿਨੀਂ ਆਪਣੇ ਦੋਸਤਾਂ ਨੂੰ ਬਾਸਕਟਬਾਲ ਖੇਡਦਿਆਂ ਵੇਖ ਕੇ ਯਾਦਵਿੰਦਰ ਸਿੰਘ ਦੀ ਦਿਲਚਸਪੀ ਇਸ ਖੇਡ ਵੱਲ ਹੋਈ। ਯਾਦਵਿੰਦਰ ਸਿੰਘ ਪਾਵਰ ਫਾਰਵਰਡ ਖੇਡਦਾ ਹੈ ਅਤੇ ਕੋਚ ਡਾ. ਸੁਬਰਾਮਨੀਅਮ ਤੋਂ ਆਪਣੀ ਖੇਡ ਨੂੰ ਨਿਖਾਰਦਿਆਂ ਭਾਰਤੀ ਟੀਮ ਨੂੰ ਅੰਤਰਰਾਸਟਰੀ ਪੱਧਰ ’ਤੇ ਕਈ ਅਹਿਮ ਟੂਰਨਾਮੈਂਟਾਂ ’ਚ ਤਗਮੇ ਜਿਤਵਾ ਚੁੱਕਾ ਹੈ। ਯਾਦਵਿੰਦਰ ਸਖ਼ਤ ਮਿਹਨਤ ਕਰਨ ’ਚ ਵਿਸ਼ਵਾਸ ਰੱਖਦਾ ਹੈ। ਇਹੀ ਕਾਰਨ ਹੈ ਕਿ ਅਥਲੈਟਿਕਸ ਤੋਂ ਬਾਸਕਟਬਾਲ ਤਕ ਦੇ ਸਫ਼ਰ ਵਿਚ ਦੇਸ-ਵਿਦੇਸ਼ ਵਿਚ ਉਸ ਨੇ ਆਪਣਾ ਨਾਂ ਰੋਸਨ ਕੀਤਾ ਹੈ।

ਕੌਮਾਂਤਰੀ ਪ੍ਰਾਪਤੀਆਂ ਵਾਲਾ ਖਿਡਾਰੀ

ਬਾਸਕਟਬਾਲ ਖੇਡ ਆਪਸੀ ਕੋਆਰਡੀਨੇਸ਼ਨ ’ਤੇ ਨਿਰਭਰ ਕਰਦੀ ਹੈ ਅਤੇ ਇਸ ਕੰਮ ਨੂੰ ਯਾਦਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਇਆ। ਸਾਲ 2011 ਤੋਂ 2016 ਤਕ ਯਾਦੂ ਓਐੱਨਜੀਸੀ ਟੀਮ ਦਾ ਹਿੱਸਾ ਰਿਹਾ ਅਤੇ ਮੌਜੂਦਾ ਸਮੇਂ ਹਰਿਆਣਾ ਗੋਲਡ ਟੀਮ ਵੱਲੋਂ ਖੇਡ ਰਿਹਾ ਹੈ। ਜੇਕਰ ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਰਾਸ਼ਟਰੀ ਖੇਡਾਂ, ਫੈਡਰੇਸਨ ਕੱਪ, ਬਾਸਕਟਬਾਲ ਚੈਂਪੀਅਨਸ਼ਿਪ ਸਾਲ 2005 ਤੋਂ 2020 ਤਕ ਖੇਡਦਿਆਂ ਉਸ ਨੇ 14 ਸੋਨ, 7 ਚਾਂਦੀ ਤੇ 4 ਕਾਂਸੇ ਦੇ ਤਗਮੇ ਜਿੱਤੇ। ਭਾਰਤੀ ਬਾਸਕਟਬਾਲ ਟੀਮ ਦੀ ਅਗਵਾਈ ਕਰਦਿਆਂ ਯਾਦਵਿੰਦਰ ਨੇ ਸੰਨ 2013 ਵਿਚ ਦਿੱਲੀ ਵਿਖੇ ਹੋਈ ਐੱਫਆਈਬੀਏ ਬਾਸਕਟਬਾਲ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਿਆ। ਸਾਲ 2010 ਦੀਆਂ ਦੱਖਣ ਏਸ਼ਿਆਈ ਖੇਡਾਂ ’ਚ ਯਾਦਵਿੰਦਰ ਸਿੰਘ ਦੀ ਕਪਤਾਨੀ ਵਿਚ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਉਸ ਨੇ 18ਵੀਆਂ ਰਾਸਟਰਮੰਡਲ ਖੇਡਾਂ ਮੈਲਬੌਰਨ, 16ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਬਾਸਕਟਬਾਲ ਟੀਮ ਦੀ ਅਗਵਾਈ ਕੀਤੀ। 26ਵੀ ਐੱਫਆਈਬੀਏ ਏਸ਼ੀਅਨ ਬਾਸਕਟਬਾਲ ਚੈਂਪੀਅਨਸਿਪ, 27ਵੀ ਐੱਫਆਈਬੀਏ ਏਸ਼ੀਅਨ ਬਾਸਕਟਬਾਲ ਚੈਂਪੀਅਨਸਿਪ ਵਿਚ ਟੀਮ ਦੀ ਅਗਵਾਈ ਕੀਤੀ। ਸਾਲ 2014 ਵਿਚ ਗੋਆ ਵਿਖੇ ਹੋਈਆਂ ਲੂਸੋਫੋਨੀਆ ਗੇਮਜ਼ ’ਚ ਉਸ ਨੇ ਭਾਰਤ ਨੂੰ ਸੋਨ ਤਗਮਾ ਜਿਤਵਾਉਣ ’ਚ ਅਹਿਮ ਯੋਗਦਾਨ ਪਾਇਆ। ਸੰਨ 2014 ਦੀਆਂ ਏਸ਼ੀਅਨ ਬੀਚ ਗੇਮਜ਼ ’ਚ ਚਾਂਦੀ ਦਾ ਤਗਮਾ ਅਤੇ ਇਸੇ ਸਾਲ ਦੱਖਣੀ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ। ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਰਾਸਟਰਮੰਡਲ ਖੇਡਾਂ-2018 ਵਿਚ ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਨੇ ਪਿਛਲੇ 15 ਸਾਲਾਂ ਦੌਰਾਨ ਭਾਰਤ ਲਈ ਏਸ਼ਿਆਈ ਅਤੇ ਦੱਖਣ ਏਸ਼ਿਆਈ ਟੂਰਨਾਮੈਂਟਾਂ ਵਿਚ ਕੁੱਲ 8 ਤਗਮੇ ਜਿੱਤੇ।

ਯਾਦਵਿੰਦਰ ਸਿੰਘ ਯਾਦੂ ਨੇ ਜਿਸ ਜੋਸ਼ ਤੇ ਸਖ਼ਤ ਮਿਹਨਤ ਨਾਲ ਪੰਜਾਬ ਅਤੇ ਦੇਸ਼ ਦਾ ਨਾਂ ਦੁਨੀਆ ਵਿਚ ਰੋਸ਼ਨ ਕੀਤਾ ਹੈ ਨੌਜਵਾਨ ਪੀੜ੍ਹੀ ਨੂੰ ਇਸ ਖਿਡਾਰੀ ਵਾਂਗ ਖੇਡ ਮੈਦਾਨ ’ਚ ਮਿਹਨਤ ਕਰ ਕੇ ਦੇਸ਼ ਦਾ ਨਾਂ ਦੁਨੀਆ ਵਿਚ ਰੋਸ਼ਨ ਕਰਨ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

- ਜਗਦੀਪ ਸਿੰਘ ਕਾਹਲੋਂ

Posted By: Harjinder Sodhi