ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਅਗਲੇ ਸਾਲ ਮਾਰਚ ਵਿਚ ਟੋਕੀਓ ਓਲੰਪਿਕ ਲਈ 3×3 ਬਾਸਕਟਬਾਲ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਇਸ ਖੇਡ ਦੀ ਵਿਸ਼ਵ ਪੱਧਰੀ ਸੰਸਥਾ ਫੀਬਾ ਨੇ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਵਿਚ ਕੁੱਲ 40 ਟੀਮਾਂ (20 ਮਰਦ ਤੇ 20 ਮਹਿਲਾ) ਹਿੱਸਾ ਲੈਣਗੀਆਂ। ਇਸ ਦੇ ਸਥਾਨ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਚੈਂਪੀਅਨਸ਼ਿਪ ਦਾ ਪ੍ਰਬੰਧ ਭਾਰਤੀ ਬਾਸਕਟਬਾਲ ਮਹਾਸੰਘ (ਬੀਐੱਫਆਈ) ਦੇ ਤਹਿਤ ਕੀਤਾ ਜਾਵੇਗਾ ਤੇ ਅੰਤਰਰਾਸ਼ਟਰੀ ਬਾਸਕਟਬਾਲ ਮਹਾਸੰਘ (ਫੀਬਾ) ਇਸ ਦਾ ਪ੍ਰਬੰਧਕ ਹੋਵੇਗਾ। ਫੀਬਾ 3×3 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਓਲੰਪਿਕ 2020 ਲਈ ਛੇ ਸਥਾਨ (ਮਹਿਲਾ ਤੇ ਮਰਦ ਦੋਵਾਂ ਵਰਗਾਂ ਵਿਚ ਤਿੰਨ-ਤਿੰਨ) ਦਾਅ 'ਤੇ ਲੱਗੇ ਹੋਣਗੇ। ਇਹ ਚੈਂਪੀਅਨਸ਼ਿਪ ਟੋਕੀਓ ਓਲੰਪਿਕ ਵਿਚ ਸ਼ੁਰੂਆਤ ਕਰੇਗੀ ਜਿੱਥੇ ਮਹਿਲਾ ਅਤੇ ਮਰਦ ਵਰਗ ਵਿਚ ਅੱਠ-ਅੱਠ ਟੀਮਾਂ ਹਿੱਸਾ ਲੈਣਗੀਆਂ। ਬੀਐੱਫਆਈ ਪ੍ਰਧਾਨ ਗੋਵਿੰਦਰਾਜ ਕੇਂਪਾਰੈੱਡੀ ਨੇ ਕਿਹਾ ਕਿ ਭਾਰਤ ਨੂੰ ਇਸ ਤਰ੍ਹਾਂ ਦੀ ਮਹੱਤਵਪੂਰਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲਣਾ ਬਹੁਤ ਵੱਡਾ ਸਨਮਾਨ ਹੈ। ਸਾਡੇ ਖਿਡਾਰੀ ਪਹਿਲੀ ਵਾਰ ਖੇਡੇ ਜਾ ਰਹੇ 3×3 ਓਲੰਪਿਕ ਟੂਰਨਾਮੈਂਟ ਵਿਚ ਥਾਂ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ।

ਏਸ਼ੀਆ ਕੱਪ ਤੇ ਵਿਸ਼ਵ ਟੂਰ ਨੇ ਨਿਭਾਈ ਅਹਿਮ ਭੂਮਿਕਾ :

ਫੀਬਾ ਦੇ ਜਨਰਲ ਸਕੱਤਰ ਆਂਦਰੀਆਸ ਜਗਕਲਿਸ ਨੇ ਕਿਹਾਿ ਕ ਬੈਂਗਲੁਰੂ ਵਿਚ ਦੋ ਏਸ਼ੀਆ ਕੱਪ ਤੇ ਹੈਦਰਾਬਾਦ ਵਿਚ 3×3 ਵਿਸ਼ਵ ਟੂਰ ਦੀ ਸਫਲ ਮੇਜ਼ਬਾਨੀ ਨੇ ਇਸ ਟੂਰਨਾਮੈਂਟ ਨੂੰ ਭਾਰਤ ਨੂੰ ਸੌਂਪਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੇਜ਼ਬਾਨ ਟੀਮ ਤੋਂ ਇਲਾਵਾ ਹੋਰ ਟੀਮਾਂ ਦੀ ਚੋਣ ਫੀਬਾ 3×3 ਮਹਾਸੰਘ ਦੀ ਰੈਂਕਿੰਗ ਤੇ ਫੀਬਾ 3×3 ਵਿਸ਼ਵ ਕੱਪ ਦੇ ਨਤੀਜੇ ਦੇ ਆਧਾਰ 'ਤੇ ਕੀਤੀ ਜਾਵੇਗੀ।