ਬਾਰਸੀਲੋਨਾ : ਸੁਪਰਸਟਾਰ ਸਟਰਾਈਕਰ ਲਿਓਨ ਮੇਸੀ ਦਾ ਜਾਦੂ ਯੂਏਫਾ ਚੈਂਪੀਅਨਜ਼ ਲੀਗ ਦੇ ਪ੍ਰਰੀ-ਕੁਆਰਟਰ ਫਾਈਨਲ 'ਚ ਛਾਇਆ ਤੇ ਉਸ ਦੀ ਬਦੌਲਤ ਬਾਰਸੀਲੋਨਾ ਨੇ ਲਿਓਨ 'ਤੇ 5-1 ਨਾਲ ਜਿੱਤ ਦਰਜ ਕੀਤੀ।

ਕਪਤਾਨ ਮੇਸੀ ਨੇ ਦੋ ਗੋਲ ਕਰਨ ਤੋਂ ਇਲਾਵਾ ਦੋ ਗੋਲ ਕਰਨ 'ਚ ਵੀ ਮਦਦ ਕੀਤੀ, ਜਿਸ ਕਾਰਨ ਸਪੇਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਨੇ ਲੀਗ ਦੇ ਕੁਆਰਟਰ ਫਾਈਨਲ 'ਚ ਥਾਂ ਬਣਾਈ। ਫਰਾਂਸ 'ਚ ਪਿਛਲੇ ਮਹੀਨੇ ਦੋਵੇਂ ਟੀਮਾਂ ਵਿਚਾਲੇ ਖੇਡਿਆ ਗਿਆ ਪਹਿਲੇ ਪੜਾਅ ਦਾ ਮੁਕਾਬਲਾ ਗੋਲਰਹਿਤ ਡਰਾਅ ਰਿਹਾ ਸੀ, ਜਿਸ ਨਾਲ ਲਿਓਨ ਕੋਲ ਮੌਕਾ ਸੀ, ਪਰ ਬਾਰਸੀਲੋਨਾ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਮੇਸੀ ਨੇ ਆਪਣਾ ਪਹਿਲਾ ਗੋਲ ਪੈਨਾਲਟੀ ਨਾਲ ਕੀਤਾ। ਉਨ੍ਹਾਂ ਦੇ ਚੈਂਪੀਅਨ ਲੀਗ 'ਚ 108 ਗੋਲ ਹੋ ਗਏ ਹਨ ਤੇ ਉਹ ਕ੍ਰਿਸਟਿਆਨੋ ਰੋਨਾਲਡੋ ਤੋਂ ਪਿੱਛੇ ਹਨ, ਜਿਨ੍ਹਾਂ ਦੇ 124 ਗੋਲ ਹਨ। ਬਾਰਸੀਲੋਨਾ ਲਈ ਤਿੰਨ ਹੋਰ ਗੋਲ ਫਿਲਿਪ ਕਾਟਿਨਹੋ, ਗੇਰਾਰਡਪਿਕ ਤੇ ਓਸਮਾਨੇ ਡੇਂਬੇਲੇ ਨੇ ਦਾਗੇ। ਲਿਓਨ ਲਈ ਇਕ ਮਾਤਰ ਗੋਲ ਲੁਕਾਸ ਟੋਸਾਰਟ ਨੇ ਕੀਤਾ। ਮੇਸੀ ਹੈਟਿ੍ਕ ਲਗਾਉਣ ਤੋਂ ਇਕ ਗੋਲ ਤੋਂ ਰਹਿ ਗਏ, ਜਦਕਿ ਰੋਨਾਲਡੋ ਨੇ ਐਟਲੈਟਿਕੋ ਖ਼ਿਲਾਫ਼ ਹੈਟਿ੍ਕ ਲਗਾਈ ਸੀ। ਬਾਰਸੀਲੋਨਾ ਅੰਤਿਮ-8 'ਚ ਇਕਮਾਤਰ ਸਪੇਨਿਸ਼ ਕਲੱਬ ਹੋਵੇਗਾ। ਉਸ ਦੇ ਨਾਲ ਜੁਵੈਂਟਸ, ਮਾਨਚੈਸਟਰ ਯੂਨਾਈਟਿਡ, ਮਾਨਚੈਸਟਰ ਸਿਟੀ, ਲੀਵਰਪੂਲ, ਟਾਟਨਹਮ, ਪੋਤਰੋ ਤੇ ਅਜਾਕਸ ਅੰਤਿਮ-8 'ਚ ਪੁੱਜੇ ਹਨ। ਸ਼ੁੱਕਰਵਾਰ ਨੂੰ ਅੰਤਿਮ-8 ਦੇ ਮੈਚਾਂ ਲਈ ਡਰਾਅ ਨਿਕਲੇਗਾ।

ਮੈਚ ਦੇ 17ਵੇਂ ਮਿੰਟ 'ਚ ਹੀ ਮੇਜਬਾਨ ਟੀਮ ਨੂੰ ਪੈਨਾਲਟੀ ਮਿਲੀ ਤੇ ਮੇਸੀ ਨੇ ਗੇਂਦ ਨੂੰ ਗੋਲ ਪੋਸਟ 'ਚ ਪਾਉਣ 'ਚ ਕੋਈ ਗਲਤੀ ਨਹੀਂ ਕੀਤੀ। ਪਹਿਲਾ ਹਾਫ ਸਮਾਪਤ ਹੋਣ ਤੋਂ ਪਹਿਲਾ ਬਾਰਸੀਲੋਨਾ ਆਪਣੇ ਵਾਧੇ ਨੂੰ ਦੁੱਗਣਾ ਕਰਨ 'ਚ ਸਫਲ ਰਿਹਾ। ਮੈਚ ਦੇ 31ਵੇਂ ਮਿੰਟ 'ਚ ਸਟਰਾਈਕਰ ਸੁਆਰੇਜ ਨੇ 18 ਗਜ਼ ਦੇ ਬਾਕਸ 'ਚ ਸ਼ਾਨਦਾਰ ਤਰੀਕੇ ਨਾਲ ਕਾਟਿਨਹੋ ਨੂੰ ਪਾਸ ਦਿੱਤਾ, ਜਿਨ੍ਹਾਂ ਗੋਲ ਕਰਦੇ ਹੋਏ ਆਪਣੀ ਟੀਮ ਦੇ ਵਾਧੇ ਨੂੰ ਦੁੱਗਣਾ ਕਰ ਦਿੱਤਾ।

ਦੂਜੇ ਹਾਫ ਦੀ ਸ਼ੁਰੂਆਤ ਲਿਓਨ ਲਈ ਚੰਗੀ ਰਹੀ। 58ਵੇਂ ਮਿੰਟ 'ਚ ਲੁਕਾਸ ਨੇ ਵਾਲੀ 'ਤੇ ਗੋਲ ਕੀਤਾ। ਹਾਲਾਂਕਿ, ਇਸ ਨਾਲ ਮੈਚ ਦੇ ਨਤੀਜੇ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ। ਮੇਸੀ ਨੇ 78ਵੇਂ ਮਿੰਟ 'ਚ ਮੁਕਾਬਲੇ ਦਾ ਆਪਣਾ ਦੂਜਾ ਗੋਲ ਕੀਤਾ। ਉਨ੍ਹਾਂ ਪੈਨਾਲਟੀ ਏਰੀਆ ਕੋਲ ਲਿਓਨ ਦੇ ਦੋ ਖਿਡਾਰੀਆਂ ਨੂੰ ਭੁਲੇਖੇ 'ਚ ਪਾਉਂਦੇ ਹੋਏ ਗੇਂਦ 'ਤੇ ਆਰਾਮ ਨਾਲ ਪੋਸਟ ਕੀਤੀ ਤੇ ਭੇਜ ਦਿੱਤਾ ਜੋ ਗੋਲਕੀਪਰ ਦੇ ਹੱਥਾਂ ਨਾਲ ਲੱਗ ਕੇ ਪੋਸਟ 'ਚ ਜਾ ਵੜੀ। ਇਸ ਦੇ ਤਿੰਨ ਮਿੰਟ ਬਾਅਦ ਮੇਜਬਾਨ ਟੀਮ ਨੇ ਇਕ ਹੋਰ ਅਟੈਕ ਕੀਤਾ। ਇਸ ਵਾਰ ਵੀਕ ਨੇ ਸਕੋਰ ਸ਼ੀਟ 'ਤੇ ਆਪਣਾ ਨਾਂ ਦਰਜ ਕਰਵਾਇਆ। ਮੇਸੀ ਨੇ ਗੋਲਕੀਪਰ ਦੇ ਬਾਕਸ 'ਚ ਪੀਕ ਨੂੰ ਪਾਸ ਦਿੱਤਾ, ਜਿਨ੍ਹਾਂ ਪੋਸਟ ਦੇ ਖੱਬੇ ਪਾਸੇ ਤੋਂ ਗੋਲ ਕਰਕੇ ਟੀਮ ਦੇ ਵਾਧੇ ਨੂੰ 4-1 ਕਰ ਦਿੱਤਾ। ਇਸ ਮਗਰੋਂ ਮੇਸੀ ਨੇ ਲਿਓਨ ਦੇ ਬਾਕਸ ਦੇ ਬਾਹਰ ਤੋਂ ਡੇਂਬੇਲ ਨੂੰ ਗੇਂਦ ਪਾਸ ਕੀਤੀ, ਜਿਨ੍ਹਾਂ 86ਵੇਂ ਮਿੰਟ 'ਚ ਤੇਜ਼ੀ ਨਾਲ ਗੋਲ ਕਰਦੇ ਹੋਏ ਆਪਣੀ ਟੀਮ ਦਾ ਜਿੱਤ ਦਾ ਫਰਕ 5-1 ਕਰ ਦਿੱਤਾ।

ਲੀਵਰਪੂਲ ਵੀ ਪੁੱਜਾ ਕੁਆਰਟਰ ਫਾਈਨਲ 'ਚ

ਮਿਊਨਿਖ : ਸਾਦਿਓ ਮਾਨੇ ਦੇ ਦੋ ਗੋਲ ਦੀ ਮਦਦ ਨਾਲ ਲੀਵਰਪੂਲ ਨੇ ਬਾਇਰਨ ਮਿਊਨਿਖ 'ਤੇ ਦੂਜੇ ਪੜਾਅ ਦੇ ਮੁਕਾਬਲੇ 'ਚ 3-1 ਦੀ ਸ਼ਾਨਦਾਰ ਜਿੱਤ ਨਾਲ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ 'ਚ ਐਂਟਰੀ ਕੀਤੀ। ਤਿੰਨ ਹਫ਼ਤੇ ਪਹਿਲਾਂ ਖੇਡੇ ਗਏ ਪਹਿਲੇ ਪੜਾਅ ਦੇ ਮੁਕਾਬਲੇ 'ਚ ਦੋਵੇਂ ਟੀਮਾਂ ਨੇ ਗੋਲਰਹਿਤ ਡਰਾਅ ਖੇਡਿਆ ਸੀ, ਜਿਸ ਨਾਲ ਇਸ ਮੈਚ ਦਾ ਨਤੀਜਾ ਕਾਫੀ ਅਹਿਮ ਸੀ ਤੇ ਲੀਵਰਪੂਲ ਨੇ ਕੁੱਲ 3-1 ਦੇ ਸਕੋਰ ਨਾਲ ਅਗਲੇ ਦੌਰ 'ਚ ਥਾਂ ਬਣਾਈ। ਸਾਦਿਓ ਨੇ 26ਵੇਂ ਤੇ 84ਵੇਂ ਮਿੰਟ 'ਚ ਦੋ ਗੋਲ ਕੀਤੇ, ਜਦਕਿ ਵਰਜਿਲ ਵਾਨ ਡਿਕ ਨੇ 69ਵੇਂ ਮਿੰਟ 'ਚ ਟੀਮ ਲਈ ਤੀਜਾ ਗੋਲ ਕੀਤਾ। ਹਾਲਾਂਕਿ ਜੋਐੱਲ ਮਾਟਿਪ ਨੇ 39ਵੇਂ ਮਿੰਟ 'ਚ ਆਤਮਘਾਤੀ ਗੋਲ ਕਰ ਬੈਠੇ, ਜਿਸ ਨਾਲ ਬਾਇਰਨ ਮਿਊਨਿਖ ਦਾ ਖਾਤਾ ਖੁੱਲ੍ਹ ਪਾਇਆ ਸੀ। 2011 ਦੇ ਬਾਅਦ ਪਹਿਲੀ ਵਾਰ ਮਿਊਨਿਖ ਦੀ ਟੀਮ ਅੰਤਿਮ-8 'ਚ ਨਹੀਂ ਪੁੱਜ ਪਾਈ ਹੈ।