ਮੈਡਿ੍ਡ (ਏਪੀ) : ਸੁਪਰਸਟਾਰ ਸਟ੍ਰਾਈਕਰ ਲਿਓਨ ਮੈਸੀ ਦੇ ਦੋ ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਪੱਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਵੇਲੇਂਸੀਆ ਨੂੰ 3-2 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਖ਼ਿਤਾਬ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਅਰਜਨਟੀਨਾ ਦੇ ਮੈਸੀ ਮੈਚ ਦੌਰਾਨ ਪੈਨਾਲਟੀ 'ਤੇ ਗੋਲ ਨਹੀਂ ਕਰ ਸਕੇ ਪਰ ਉਨ੍ਹਾਂ ਫ੍ਰੀ ਕਿੱਕ 'ਤੇ ਗੋਲ ਕਰ ਦਿੱਤਾ। ਮੈਸੀ ਨੇ ਦੂਸਰੇ ਹਾਫ 'ਚ ਦੋ ਗੋਲ ਕੀਤੇ ਜਦੋਂ ਕਿ ਟੀਮ ਲਈ ਇਕ ਹੋਰ ਗੋਲ ਐਂਟੋਨੀ ਗ੍ਰੀਜਮੈਨ ਨੇ ਕੀਤਾ। ਵੇਲੇਂਸੀਆ ਵੱਲੋਂ ਗੈਬਰੀਅਲ ਪੋਲੀਸਤਾ ਅਤੇ ਕਾਰਲੋਸ ਸੋਲਰ ਨੇ ਗੋਲ ਕੀਤੇ।

ਇਕ ਹੋਰ ਮੈਚ 'ਚ ਵਿਲਾਰੀਅਲ ਘਰੇਲੂ ਮੈਦਾਨ 'ਤੇ ਗੇਟਫੇ ਨੂੰ 1-0 ਨਾਲ ਹਰਾ ਕੇ ਛੇਵੇਂ ਸਥਾਨ 'ਤੇ ਪੁਹੰਚ ਗਿਆ ਜਦੋਂਕਿ ਸੱਤਵੇਂ ਸਥਾਨ 'ਤੇ ਮੌਜੂਦ ਰੀਅਲ ਬੇਟਿਸ ਨੂੰ ਵੇਲਾਡੇਲਿਡ ਨੇ 1-1 ਨਾਲ ਬਰਾਬਰੀ 'ਤੇ ਰੋਕਿਆ। ਬਾਰਸੀਲੋਨਾ ਨੂੰ ਹਰਾਉਣ ਵਾਲੇ ਗ੍ਰੇਨਾਡਾ ਨੰੂ ਕੇਡਿਜ ਖ਼ਿਲਾਫ਼ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।