ਮੈਡਰਿਡ (ਏਐੱਫਪੀ) : ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ (ਲਾ ਲੀਗਾ) 'ਚ ਰੀਅਲ ਬੇਟਿਸ ਦੀ ਟੀਮ ਨੂੰ 5-2 ਨਾਲ ਹਰਾ ਦਿੱਤਾ। ਟੀਮ ਦੀ ਇਸ ਜਿੱਤ ਵਿਚ ਉਨ੍ਹਾਂ ਦੇ ਸਟ੍ਰਾਈਕਰ ਏਂਟੋਨੀ ਗ੍ਰੀਜਮੈਨ ਨੇ ਦੋ ਗੋਲ ਕੀਤੇ। ਗ੍ਰੀਜਮੈਨ 'ਤੇ ਟੀਮ ਦੇ ਮੁੱਖ ਸਟ੍ਰਾਈਕਰ ਲਿਓਨ ਮੈਸੀ ਤੇ ਲੁਇਸ ਸੁਆਰੇਜ ਦੀ ਗ਼ੈਰਮੌਜੂਦਗੀ ਵਿਚ ਗੋਲ ਕਰਨ ਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੇ ਇਸ ਨੂੰ ਚੰਗੀ ਤਰ੍ਹਾਂ ਨਿਭਾਇਆ। ਹਾਲਾਂਕਿ ਮੈਸੀ ਦਰਸ਼ਕਾਂ ਵਿਚ ਬੈਠ ਕੇ ਮੈਚ ਦੇਖ ਰਹੇ ਸਨ। ਮੈਸੀ ਜ਼ਖ਼ਮੀ ਹੋਣ ਕਾਰਨ ਮੈਦਾਨ 'ਚੋਂ ਬਾਹਰ ਹਨ। ਗ੍ਰੀਜਮੈਨ ਤੋਂ ਇਲਾਵਾ ਬਾਰਸੀਲੋਨਾ ਲਈ ਕਾਰਲਸ ਪੇਰੇਜ, ਜੋਰਡੀ ਅਲਬਾ, ਅਰਤੁਰੋ ਵਿਡਾਲ ਨੇ ਵੀ ਇਕ ਇਕ ਗੋਲ ਕੀਤਾ। ਉਥੇ ਰੀਅਲ ਬੇਟਿਸ ਦੇ ਨਾਬਿਲ ਫੇਕਿਰ ਤੇ ਲੋਰੇਨ ਮਾਰੋਨ ਨੇ ਗੋਲ ਕੀਤੇ ਪਰ ਉਹ ਸਿਰਫ਼ ਹਾਰ ਦਾ ਫ਼ਰਕ ਹੀ ਘੱਟ ਕਰ ਸਕੇ। ਇਸ ਜਿੱਤ ਤੋਂ ਬਾਅਦ ਬਾਰਸੀਲੋਨਾ ਸੂਚੀ ਵਿਚ ਨੌਵੇਂ ਤੇ ਰੀਅਲ ਬੇਟਿਸ ਆਖ਼ਰੀ 20ਵੇਂ ਸਥਾਨ 'ਤੇ ਹੈ। ਬਾਰਸੀਲੋਨਾ ਦੀ ਟੀਮ ਨੂੰ ਉਮੀਦ ਹੈ ਕਿ ਮੈਸੀ ਅਗਲੇ ਹਫ਼ਤੇ ਤਕ ਫਿੱਟ ਹੋ ਜਾਣਗੇ ਪਰ ਸੁਆਰੇਜ ਤੇ ਓਸਮਾਨੇ ਡੇਂਬੇਲੇ ਲੰਬੇ ਸਮੇਂ ਲਈ ਬਾਹਰ ਹਨ। ਲਾ ਲੀਗਾ ਦੇ ਹੋਰ ਮੈਚਾਂ ਵਿਚ ਵਲਾਡੋਲਿਡ ਕਲੱਬ ਦੇ ਸਰਜੀਓ ਗਾਰਡੀਓਨਾ ਨਵਾਰੋ ਨੇ ਰੀਅਲ ਮੈਡਰਿਡ ਤੋਂ ਜਿੱਤ ਖੋਹ ਲਈ ਮੈਚ 1-1 ਨਾਲ ਡਰਾਅ ਰਿਹਾ। ਪਹਿਲਾ ਅੱਧ ਗੋਲ ਰਹਿਤ ਰਿਹਾ। ਦੂਜੇ ਅੱਧ ਵਿਚ 82ਵੇਂ ਮਿੰਟ ਵਿਚ ਕਰੀਮ ਬੇਂਜੇਮਾ ਨੇ ਗੋਲ ਕਰਕੇ ਮੈਡਿਰਡ ਨੂੰ ਉਪਯੋਗੀ 1-0 ਨਾਲ ਬੜ੍ਹਤ ਦਿਵਾਈ। ਪਰ ਇਸ ਤੋਂ ਛੇ ਮਿੰਟ ਬਾਅਦ ਨਵਾਰੋ ਨੇ ਬਾਕਸ ਦੇ ਅੰਦਰੋਂ ਮੈਡਰਿਡ ਦੇ ਡਿਫੈਂਡਰਾਂ ਨੂੰ ਭੁਲੇਖਾ ਦੇ ਕੇ ਟੀਮ ਦੇ ਸਕੋਰ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਤੇ ਮੈਚ ਡਰਾਅ 'ਤੇ ਸਮਾਪਤ ਹੋਇਆ।

ਭਾਰਤ ਦੇ ਮੈਚ ਦੀਆਂ ਟਿਕਟਾਂ ਵਿਕਰੀ ਲਈ ਉਪਲੱਬਧ

ਨਵੀਂ ਦਿੱਲੀ : ਭਾਰਤ ਦੇ ਓਮਾਨ ਖ਼ਿਲਾਫ਼ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਸ਼ੁਰੂਆਤੀ ਮੈਚ ਲਈ ਟਿਕਟਾਂ ਵਿਕਰੀ ਲਈ ਉਪਲੱਬਧਨ ਹਨ। ਇਹ ਮੈਚ ਚਾਰ ਸਤੰਬਰ ਨੂੰ ਗੁਹਾਟੀ ਦੇ ਇੰਦਰਾ ਗਾਂਧੀ ਅਥਲੈਟਿਕਸ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟਿਕਟਾਂ ਦੀ ਕੀਮਤ 50, 100 ਤੇ 200 ਰੁਪਏ ਰੱਖੀ ਗਈ ਹੈ।