ਭਾਰਤੀ ਹਾਕੀ ਦਾ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ 25 ਮਈ ਸਵੇਰੇ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ। ਕਰੀਬ 97 ਵਰ੍ਹਿਆਂ ਦੀ ਉਮਰੇ ਬਲਬੀਰ ਸਿੰਘ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਆਖ਼ਰੀ ਸਾਹ ਲਿਆ ਜਿੱਥੇ ਉਹ 8 ਮਈ ਤੋਂ ਵੈਂਟੀਲੇਟਰ 'ਤੇ ਸਨ। ਬਲਬੀਰ ਸਿੰਘ ਸੀਨੀਅਰ ਤੋਂ ਵੱਡਾ ਕੋਈ ਹਾਕੀ ਖਿਡਾਰੀ ਪੈਦਾ ਨਹੀਂ ਹੋਇਆ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸੀ, ਜਿਸ ਨੇ ਜਿੱਥੇ ਖਿਡਾਰੀ, ਉਪ ਕਪਤਾਨ ਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ 'ਚ ਤਿੰਨ ਸੋਨ ਤਮਗੇ ਜਿਤਾਏ ਉੱਥੇ ਬਤੌਰ ਕੋਚ ਅਤੇ ਮੈਨੇਜਰ ਭਾਰਤ ਨੂੰ 1975 ਵਿਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ।

ਪੀਯੂ ਚੰਡੀਗੜ੍ਹ ਤੋਂ ਵਿਸ਼ਵ ਮੰਚ ਤਕ

ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ, ਤਹਿਸੀਲ ਫਿਲੌਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਗਿਆਨੀ ਦਲੀਪ ਸਿੰਘ ਅਜ਼ਾਦੀ ਘੁਲਾਟੀਏ ਸਨ। ਕਾਗ਼ਜ਼ਾਂ ਵਿਚ ਬਲਬੀਰ ਸਿੰਘ ਦੀ ਜਨਮ ਤਰੀਕ 10 ਅਕਤੂਬਰ 1924 ਸੀ। ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਉਪਰੰਤ ਕਾਲਜ ਦੀ ਇਕ ਸਾਲ ਦੀ ਪੜ੍ਹਾਈ ਡੀਐੱਮ ਕਾਲਜ ਮੋਗਾ ਤੋਂ ਕੀਤੀ।ਤੇ ਫਿਰ ਸਿੱਖ ਨੈਸ਼ਨਲ ਕਾਲਜ ਲਾਹੌਰ 'ਚ ਦਾਖ਼ਲਾ ਲੈ ਲਿਆ, ਜਿੱਥੋਂ ਐੱਫਏ ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖ਼ਾਲਸਾ ਕਾਲਜ ਵੱਲੋਂ ਖੇਡਦਿਆਂ ਭਾਵੇਂ ਬਲਬੀਰ ਸਿੰਘ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ। ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ। ਪੰਜਾਬ ਨੂੰ ਉਨ੍ਹਾਂ ਛੇ ਵਾਰ ਕੌਮੀ ਚੈਂਪੀਅਨ ਬਣਾਇਆ, ਚਾਰ ਵਾਰ ਪੰਜਾਬ ਪੁਲਿਸ ਨੂੰ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ ਬਣਾਇਆ। ਦੇਸ਼ ਦੀ ਵੰਡ ਤੋਂ ਪਹਿਲਾਂ ਬਲਬੀਰ ਸਿੰਘ ਸੀਨੀਅਰ ਨੇ 1947 ਵਿਚ ਸਾਂਝੇ ਪੰਜਾਬ ਦੀ ਟੀਮ ਵੱਲੋਂ ਕਰਨਲ ਏਆਈਐੱਸ ਦਾਰਾ ਦੀ ਕਪਤਾਨੀ ਹੇਠ ਖੇਡਦਿਆਂ ਕੌਮੀ ਖ਼ਿਤਾਬ ਜਿੱਤਿਆ ਅਤੇ ਅੱਗੇ ਜਾ ਕੇ ਨਵੇਂ ਪੰਜਾਬ 'ਚ ਟੀਮ ਦੀ ਕਪਤਾਨੀ ਵੀ ਕੀਤੀ।

ਭਾਰਤੀ ਟੀਮ 'ਚ ਚੋਣ

ਬਲਬੀਰ ਸਿੰਘ ਦੀ ਪਹਿਲੀ ਵਾਰ ਭਾਰਤੀ ਟੀਮ 'ਚ ਚੋਣ 1947 ਵਿਚ ਸ੍ਰੀਲੰਕਾ ਦੇ ਦੌਰੇ ਲਈ ਹੋਈ। ਬਲਬੀਰ ਸਿੰਘ ਨੇ 1948 ਵਿਚ ਲੰਡਨ ਵਿਖੇ ਓਲੰਪਿਕ ਖੇਡਾਂ 'ਚ ਹਿੱਸਾ ਲਿਆ। ਬਲਬੀਰ ਸਿੰਘ ਨੇ ਅਰਜਨਟੀਨਾ ਖ਼ਿਲਾਫ਼ ਪਹਿਲੇ ਮੈਚ 'ਚ ਹੈਟ੍ਰਿਕ ਸਮੇਤ ਛੇ ਗੋਲ ਦਾਗੇ ਤੇ ਭਾਰਤ ਨੇ 9-1 ਨਾਲ ਇਹ ਮੈਚ ਜਿੱਤਿਆ। ਫਾਈਨਲ ਵਿਚ ਭਾਰਤ ਨੇ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿਚ ਬਲਬੀਰ ਸਿੰਘ ਦੇ ਦੋ ਗੋਲ ਸ਼ਾਮਲ ਸਨ। ਇਸ ਤੋਂ ਅਗਲੀ ਓਲੰਪਿਕਸ 1952 ਵਿਚ ਹੈਲਸਿੰਕੀ ਵਿਖੇ ਸੀ, ਜਿੱਥੇ ਬਲਬੀਰ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਬਣਿਆ। ਸੈਮੀ ਫਾਈਨਲ 'ਚ ਬਲਬੀਰ ਸਿੰਘ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ ਅਤੇ ਫਾਈਨਲ ਵਿਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ, ਜਿਸ ਵਿਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਕਿਸੇ ਫਾਈਨਲ 'ਚ ਇਹ ਕਿਸੇ ਖਿਡਾਰੀ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ, ਜੋ ਹਾਲੇ ਤਕ ਨਹੀਂ ਟੁੱਟਿਆ। ਹੈਲਸਿੰਕੀ ਵਿਚ ਭਾਰਤ ਨੇ ਕੁੱਲ 13 ਗੋਲ ਕੀਤੇ, ਜਿਨ੍ਹਾਂ ਵਿਚੋਂ ਬਲਬੀਰ ਸਿੰਘ ਦੇ ਗੋਲਾਂ ਦੀ ਗਿਣਤੀ 9 ਸੀ।

ਗੋਲਡਨ ਹੈਟ੍ਰਿਕ

1954 ਵਿਚ ਮਲਾਇਆ ਤੇ ਸਿੰਗਾਪੁਰ ਦੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਪਹਿਲੀ ਵਾਰ ਬਲਬੀਰ ਸਿੰਘ ਨੂੰ ਮਿਲੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦਾ ਕਪਤਾਨ ਸੀ। ਮੈਲਬਰਨ ਵਿਖੇ ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਵੀ ਸੀ। ਪਹਿਲੇ ਮੈਚ ਵਿਚ ਹੀ ਉਸ ਨੇ ਅਫ਼ਗਾਨਸਿਤਾਨ ਖ਼ਿਲਾਫ਼ ਪੰਜ ਗੋਲ ਕੀਤੇ। ਦੂਜੇ ਮੈਚ ਵਿਚ ਉਸ ਦੀ ਚੀਚੀ ਦੇ ਨਾਲ ਦੀ ਉਂਗਲ ਟੁੱਟ ਗਈ। ਸੱਟ ਕਾਰਨ ਉਹ ਬਾਕੀ ਲੀਗ ਮੈਚ ਨਹੀਂ ਖੇਡ ਸਕਿਆ। ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਟੁੱਟੀ ਉਂਗਲ ਨਾਲ ਹੀ ਖੇਡਿਆ ਤੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਟੀਮ ਨੇ ਜਿੱਥੇ ਲਗਾਤਾਰ ਛੇਵਾਂ ਓਲੰਪਿਕ ਸੋਨ ਤਮਗਾ ਜਿੱਤਿਆ ਉੱਥੇ ਬਲਬੀਰ ਸਿੰਘ ਨੇ ਵੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਖ਼ਰੀ ਵੱਡੇ ਮੁਕਾਬਲੇ ਵਜੋਂ ਬਲਬੀਰ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ 'ਚ ਹਿੱਸਾ ਲੈਂਦਿਆਂ ਭਾਰਤੀ ਟੀਮ ਦੀ ਕਪਤਾਨੀ ਕੀਤੀ।

ਸਿਰੜੀ ਕੋਚ

1975 ਦੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਕੋਚਿੰਗ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਲੈ ਲਿਆ ਸੀ। ਉਸ ਵੇਲੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਬਲਬੀਰ ਸਿੰਘ ਸੀਨੀਅਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਤੇ ਅੱਗੇ ਜਾ ਕੇ ਇਸੇ ਟੀਮ ਨੇ ਵਿਸ਼ਵ ਕੱਪ ਜਿੱਤਿਆ। ਬਲਬੀਰ ਸਿੰਘ ਸੀਨੀਅਰ ਸਿਰੜੀ ਬੰਦਾ ਸੀ। ਕੈਂਪ ਦੌਰਾਨ ਉਨ੍ਹਾਂ ਦੇ ਪਿਤਾ ਜੀ ਦੇ ਦੇਹਾਂਤ ਦੇ ਬਾਵਜੂਦ ਉਨ੍ਹਾਂ ਨੇ ਸਿਰਫ਼ ਇਕ ਡੰਗ ਦੀ ਪ੍ਰੈਕਟਿਸ ਤੋਂ ਛੁੱਟੀ ਲਈ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਸੁਸ਼ੀਲ ਕੌਰ ਨੂੰ ਬਰੇਨ ਹੈਮਰੇਜ਼ ਹੋ ਗਿਆ ਜੋ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ-ਇਲਾਜ ਰਹੀ। ਬਲਬੀਰ ਸਿੰਘ ਦੀ ਕੋਚਿੰਗ ਹੇਠ ਭਾਰਤ ਨੇ 1975 ਦਾ ਵਿਸ਼ਵ ਕੱਪ ਜਿੱਤਿਆ, ਜੋ ਭਾਰਤੀ ਹਾਕੀ ਦਾ ਹੁਣ ਤਕ ਦਾ ਇਕਲੌਤਾ ਵਿਸ਼ਵ ਕੱਪ ਖ਼ਿਤਾਬ ਹੈ। ਇਸ ਤੋਂ ਇਲਾਵਾ ਉਨ੍ਹਾਂ ਕੌਮੀ ਟੀਮ ਦੇ ਕੋਚ/ਮੈਨੇਜਰ ਰਹਿੰਦਿਆਂ ਭਾਰਤ ਨੂੰ 1962 ਵਿਚ ਕੌਮਾਂਤਰੀ ਹਾਕੀ ਟੂਰਨਾਮੈਂਟ ਵਿਚ ਸੋਨੇ ਦਾ ਤਗਮਾ, 1970 ਦੀਆਂ ਏਸ਼ਿਆਈ ਖੇਡਾਂ 'ਚ ਚਾਂਦੀ ਦਾ ਤਗਮਾ, 1971 ਦੇ ਵਿਸ਼ਵ ਕੱਪ 'ਚ ਕਾਂਸੀ ਦਾ ਤਗਮਾ, 1982 ਵਿਚ ਚੈਂਪੀਅਨਜ਼ ਟਰਾਫੀ 'ਚ ਕਾਂਸੀ ਦਾ ਤਗਮਾ, 1982 ਦੀਆਂ ਏਸ਼ਿਆਈ ਖੇਡਾਂ 'ਚ ਚਾਂਦੀ ਦਾ ਤਗਮਾ ਤੇ 1982 ਵਿਚ ਮੈਲਬਰਨ ਵਿਖੇ ਅਸਾਂਡਾ ਕੱਪ ਵਿਚ ਚਾਂਦੀ ਦਾ ਕੱਪ ਜਿਤਾਇਆ।

ਮਾਣ-ਸਨਮਾਨ

ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ ਭਾਰਤ ਰਤਨ ਦਿਵਾਉਣ ਲਈ ਕਈ ਮੁਹਿੰਮਾਂ ਚੱਲੀਆਂ। ਪੰਜਾਬ ਸਰਕਾਰ ਵੱਲੋਂ ਵੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕੀਤੀ ਗਈ। ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ ਨੇ ਉਚੇਤੇ ਤੌਰ 'ਤੇ ਉਨ੍ਹਾਂ ਦਾ ਭਾਰਤ ਰਤਨ ਲਈ ਕੇਸ ਤਿਆਰ ਕਰ ਕੇ ਦੇਸ਼ ਦੇ ਨਾਮੀਂ ਖਿਡਾਰੀਆਂ ਤੋਂ ਦਸਤਖ਼ਤ ਕਰਵਾਏ ਪਰ ਹਾਲੇ ਤਕ ਸਭ ਤੋਂ ਵੱਧ ਖੇਡ ਪ੍ਰਾਪਤੀਆਂ ਵਾਲੇ ਇਸ ਮਹਾਨ ਖਿਡਾਰੀ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਨਹੀਂ ਮਿਲਿਆ। ਇਸ ਗੱਲ ਦਾ ਬਲਬੀਰ ਸਿੰਘ ਨੂੰ ਕੋਈ ਗਿਲਾ ਨਹੀਂ ਸੀ। ਉਹ ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਇਨਸਾਨ ਸਨ। ਹਾਕੀ ਪ੍ਰੇਮੀ ਉਨ੍ਹਾਂ ਨੂੰ ਓਲੰਪਿਕ ਰਤਨ ਹੀ ਸਮਝਦੇ ਸਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਉਸ ਨੂੰ ਦੁਨੀਆ ਦੇ ਸਭ ਤੋਂ ਵੱਕਾਰੀ ਇਸ ਇਨਾਮ ਲਈ ਚੁਣਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵੇਲੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਓਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 ਆਈਕੌਨਿਕ ਖਿਡਾਰੀ ਚੁਣੇ, ਜਿਨ੍ਹਾਂ ਵਿਚ 8 ਪੁਰਸ਼ ਤੇ 8 ਮਹਿਲਾ ਖਿਡਾਰੀ ਸਨ। ਬਲਬੀਰ ਸਿੰਘ ਕਿਸੇ ਵੀ ਖੇਡ ਵਿਚ ਏਸ਼ੀਆ ਦੇ ਇਕਲੌਤੇ ਪੁਰਸ਼ ਖਿਡਾਰੀ ਸਨ, ਜਿਨ੍ਹਾਂ ਨੂੰ ਆਈਕੌਨ ਖਿਡਾਰੀਆਂ ਵਿਚ ਸ਼ਾਮਲ ਕੀਤਾ ਗਿਆ। ਕਹਿ ਲਵੋ ਕਿ ਬਲਬੀਰ ਸਿੰਘ ਕਿਸੇ ਵੀ ਖੇਡ ਵਿਚ ਏਸ਼ੀਆ ਦਾ ਸਰਬੋਤਮ ਪੁਰਸ਼ ਖਿਡਾਰੀ ਤੇ ਹਾਕੀ ਵਿਚ ਵਿਸ਼ਵ ਦਾ ਸਿਖ਼ਰਲਾ ਖਿਡਾਰੀ ਸੀ।

ਦੋ ਪੁਸਤਕਾਂ ਦਾ ਰਚੇਤਾ

ਬਲਬੀਰ ਸਿੰਘ ਨੇ ਆਪਣੀ ਸਵੈ-ਜੀਵਨੀ 'ਗੋਲਡਨ ਹੈਟ ਟ੍ਰਿਕ' ਐਜ਼ ਟੋਲਡ ਟੂ ਸੈਮੂਅਲ ਬੈਨਰਜੀ 1977 ਵਿਚ ਛਪਵਾਈ। ਉਨ੍ਹਾਂ ਹਾਕੀ ਦੀ ਕੋਚਿੰਗ ਬਾਰੇ 'ਦੀ ਗੋਲਡਨ ਯਾਰਡਸਟਿਕ' ਪੁਸਤਕ ਵੀ ਲਿਖੀ। ਇਸ ਪੁਸਤਕ ਦਾ ਮੁੱਖ-ਬੰਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਤਤਕਾਲੀ ਪ੍ਰਧਾਨ ਜੈਕਸ ਰੋਜ਼ ਨੇ ਲਿਖਦਿਆਂ ਕਿਹਾ, 'ਇਕ ਓਲੰਪੀਅਨ ਵਜੋਂ ਮੈਨੂੰ 'ਗੋਲਡਨ ਹੈਟ ਟ੍ਰਿਕ' ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ-ਬੰਦ ਲਿਖਦਿਆਂ ਖ਼ੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰੀ ਦੁਨੀਆ ਤਕ ਪਹੁੰਚਾਇਆ। ਹਾਕੀ ਨਾਲ ਉਨ੍ਹਾਂ ਦੀ ਲਗਨ ਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਨ੍ਹਾਂ ਦੇ ਵਿਖਾਏ ਖੇਡ ਮਾਰਗ 'ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।''

ਮਹਾਰਾਜਾ ਰਣਜੀਤ ਸਿੰਘ ਐਵਾਰਡ

ਹਾਕੀ ਬਲਬੀਰ ਸਿੰਘ ਦੇ ਖ਼ੂਨ ਵਿਚ ਵਗਦੀ ਸੀ। ਨਰਮ ਦਿਲ ਅਤੇ ਧਰਤੀ ਨਾਲ ਜੁੜੇ ਇਸ ਮਹਾਤਮਾ ਰੂਪੀ ਇਨਸਾਨ ਨੂੰ ਮਿਲਦਿਆਂ ਤੁਹਾਨੂੰ ਕਦੇ ਵੀ ਨਹੀਂ ਲਗਦਾ ਸੀ ਕਿ ਤੁਸੀ ਕਿਸੇ ਵੱਡੇ ਖਿਡਾਰੀ ਨੂੰ ਮਿਲ ਰਹੇ ਹੋ। ਬਲਬੀਰ ਸਿੰਘ ਜਦੋਂ ਡੇਢ ਸਾਲ ਪਹਿਲਾ ਪੀਜੀਆਈ 'ਚ ਜ਼ੇਰੇ-ਇਲਾਜ ਸਨ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਿਜਾਜ਼ਪੁਰਸੀ ਲਈ ਪੁੱਜੇ। ਉਨ੍ਹਾਂ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਤੋਂ ਇਲਾਵਾ 'ਸ਼ਹਿਰ ਪਟਿਆਲੇ ਦੇ' ਵਾਲਾ ਗਾਇਕ ਹਰਦੀਪ ਵੀ ਸੀ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਸਮਾਰੋਹ ਕਰਵਾਇਆ। ਇਸ ਐਵਾਰਡ ਦੀ ਸ਼ੁਰੂਆਤ 1978 ਵਿਚ ਹੋਣ ਕਰਕੇ ਇਸ ਤੋਂ ਪਹਿਲੇ ਸਮੇਂ ਦੇ ਖਿਡਾਰੀ ਕਦੇ ਵੀ ਇਹ ਐਵਾਰਡ ਨਹੀਂ ਹਾਸਲ ਕਰ ਸਕੇ ਸਨ। ਪੰਜਾਬ ਸਰਕਾਰ ਨੇ ਪਹਿਲੀ ਵਾਰ ਖੇਡ ਨੀਤੀ 'ਚ ਤਬਦੀਲੀ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਐਵਾਰਡ ਦੇਣ ਦਾ ਫ਼ੈਸਲਾ ਲਿਆ ਅਤੇ 101 ਖਿਡਾਰੀਆਂ ਦੀ ਸੂਚੀ ਵਿਚ ਪਹਿਲਾ ਨਾਂ ਬਲਬੀਰ ਸਿੰਘ ਸੀਨੀਅਰ ਦਾ ਸੀ। ਉਸ ਵੇਲੇ ਉਹ ਪੀਜੀਆਈ ਵਿਚ ਵੈਂਟੀਲੇਟਰ ਤੋਂ ਕਮਰੇ 'ਚ ਸ਼ਿਫਟ ਹੋ ਗਏ ਸਨ ਪਰ ਤੁਰਨ ਫਿਰਨ ਦੀ ਹਾਲਤ 'ਚ ਨਹੀਂ ਸਨ। 9 ਜੁਲਾਈ 2019 ਨੂੰ ਚੰਡੀਗੜ•ਵਿਖੇ ਇਸ ਐਵਾਰਡ ਸਮਾਰੋਹ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਪੀਜੀਆਈ ਜਾ ਕੇ ਨਿੱਜੀ ਤੌਰ 'ਤੇ ਬਲਬੀਰ ਸਿੰਘ ਸੀਨੀਅਰ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਸੌਂਪਿਆ। ਬਲਬੀਰ ਸਿੰਘ ਸੀਨੀਅਰ ਸਿਹਤਯਾਬ ਹੋ ਕੇ ਚੰਡੀਗੜ•ਦੇ ਸੈਕਟਰ 36 ਸਥਿਤ ਘਰ ਪੁੱਜੇ ਜਿੱਥੇ ਉਨ੍ਹਾਂ ਦੀ ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਉਨ੍ਹਾਂ ਦੀ ਸੰਭਾਲ ਕਰਦੇ ਸਨ। ਪਿਛਲੇ ਸਾਲ 31 ਦਸੰਬਰ ਨੂੰ ਉਨ੍ਹਾਂ ਨੇ ਆਪਣੇ 96ਵੇਂ ਜਨਮ ਦਿਨ ਦਾ ਕੇਕ ਕੱਟਿਆ।

ਘਟ ਗਿਆ ਇਕ ਹੋਰ ਬਲਬੀਰ

ਹਾਕੀ ਖੇਡ ਵਿਚ ਬਲਬੀਰ ਨਾਂ ਨੂੰ ਬਖ਼ਸ਼ਿਸ਼ ਰਹੀ ਹੈ। ਜਿੰਨੇ ਬਲਬੀਰ ਹਾਕੀ ਖੇਡ ਨੇ ਦਿੱਤੇ ਹਨ, ਓਨੇ ਬਾਕੀ ਸਾਰੀਆਂ ਖੇਡਾਂ ਨੇ ਮਿਲਾ ਕੇ ਵੀ ਨਹੀਂ ਦਿੱਤੇ ਹੋਣੇ। ਭਾਰਤੀ ਹਾਕੀ ਟੀਮ ਵਿਚ ਕੁੱਲ 5 ਬਲਬੀਰ ਹੋਏ, ਜਿਨ੍ਹਾਂ ਵਿੱਚੋਂ ਚਾਰ ਬਲਬੀਰ ਇੱਕੋ ਵੇਲੇ ਟੀਮ 'ਚ ਖੇਡ ਹਨ। ਪੰਜ ਬਲਬੀਰਾਂ ਵਿੱਚੋਂ ਚਾਰ ਓਲੰਪੀਅਨ ਬਣੇ ਤੇ ਚੌਹਾਂ ਨੇ ਤਗਮਾ ਜਿੱਤਿਆ। ਕੌਮੀ ਅਤੇ ਸੂਬਾਈ ਪੱਧਰ 'ਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਇਕ ਵੇਲੇ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ਵਿਚ 9 ਬਲਬੀਰ ਖੇਡ ਰਹੇ ਸਨ। ਸਭ ਤੋਂ ਵੱਧ ਪ੍ਰਸਿੱਧੀ ਬਲਬੀਰ ਸਿੰਘ ਦੁਸਾਂਝ ਨੇ ਖੱਟੀ ਹੋਣ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਵੀ ਆਖਦੇ ਸਨ। ਉਨ੍ਹਾਂ ਨੂੰ ਮੋਗੇ ਵਾਲੇ ਬਲਬੀਰ ਦਾ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਅੱਜ ਹਾਕੀ ਦਾ ਇਕ ਬਲਬੀਰ ਘਟ ਗਿਆ।

ਇਸ ਸਾਲ ਜਨਵਰੀ ਮਹੀਨੇ ਸ਼ੁਰੂ ਹੋਈ ਪ੍ਰੋ ਹਾਕੀ ਲੀਗ ਦੇ ਇਕ ਮੈਚ 'ਚ ਜਦੋਂ ਭਾਰਤ ਨੇ ਹਾਲੈਂਡ ਨੂੰ ਹਰਾਇਆ ਤਾਂ ਬਲਬੀਰ ਸਿੰਘ ਸੀਨੀਅਰ ਦੇ ਟੀਵੀ ਉੱਪਰ ਮੈਚ ਦੇਖਦਿਆਂ ਭੰਗੜਾ ਪਾਉਂਦੇ ਦੀਆਂ ਵੀਡਿਓ ਦੇਖ ਕੇ ਹਾਕੀ ਪ੍ਰੇਮੀਆਂ ਦੇ ਕਾਲਜੇ ਨੂੰ ਠੰਢ ਪਈ। ਬਲਬੀਰ ਸਿੰਘ ਨੇ ਇਕ ਨੌਜਵਾਨ ਗਾਇਕ ਤੋਂ ਆਪਣੀ ਪਸੰਦੀਦਾ 'ਹੀਰ' ਵੀ ਸੁਣੀ। ਅੰਤ ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰ ਫੋਰਟਿਸ ਹਸਪਤਾਲ ਵਿਖੇ ਜ਼ਿੰਦਗੀ ਦੀ ਲੜਾਈ ਹਾਰ ਗਏ ਤੇ ਹਾਕੀ ਪ੍ਰੇਮੀਆਂ ਨੂੰ ਵੱਡਾ ਸਦਮਾ ਦੇ ਗਏ। ਬੀਤੇ ਦਿਨੀਂ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਦਾ ਫੋਨ ਆਇਆ ਤਾਂ ਮੇਰਾ ਵੀ ਬਲੱਡ ਗਰੁੱਪ 'ਓ' ਪਾਜ਼ੇਟਿਵ ਹੋਣ ਕਰਕੇ ਮੈਂ ਪਲੇਟਲੈੱਟਸ ਦੇਣ ਗਿਆ,।ਉੱਥੇ ਕਬੀਰ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਪ੍ਰਿੰਸੀਪਲ ਸਰਵਣ ਸਿੰਘ ਤੇ ਰਾਜਦੀਪ ਸਿੰਘ ਗਿੱਲ ਨੇ ਵੀ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਦੁਆ ਕੀਤੀ ਕਿ ਸਦੀ ਦਾ ਮਹਾਨ ਖਿਡਾਰੀ ਇਕ ਸਦੀ ਜੀਵੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

- ਨਵਦੀਪ ਸਿੰਘ ਗਿੱਲ, 97800-36216

Posted By: Harjinder Sodhi