ਐਵਾਰਡ ਕਮੇਟੀ ਨੇ ਆਖ਼ਰ ਪਹਿਲਵਾਨ ਬਜਰੰਗ ਪੁਨੀਆ ਨੂੰ 'ਰਾਜੀਵ ਗਾਂਧੀ ਖੇਲ ਰਤਨ' ਦੇਣ ਲਈ ਨਾਮਜਦ ਕਰ ਦਿੱਤਾ ਹੈ। ਪਿਛਲੇ ਸਾਲ ਬਜਰੰਗ ਨੂੰ ਇਹ ਇਨਾਮ ਨਹੀਂ ਸੀ ਮਿਲਿਆ ਤਾਂ ਉਸ ਨੇ ਅਦਾਲਤ 'ਚ ਜਾਣ ਦੀ ਧਮਕੀ ਦਿੱਤੀ ਸੀ ਪਰ ਯੋਗੇਸ਼ਵਰ ਦੱਤ ਦੇ ਮਨਾਉਣ 'ਤੇ ਉਹ ਅਦਾਲਤ 'ਚ ਨਹੀਂ ਸੀ ਗਿਆ। ਇਹ ਐਵਾਰਡ ਤਿੰਨ ਸਾਲ ਬਾਅਦ ਮਿਲੇਗਾ। ਬਜਰੰਗ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਚੌਥਾ ਪਹਿਹਲਵਾਨ ਹੈ। ਇਸ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ ਤੇ ਸ਼ਾਕਸ਼ੀ ਮਲਿਕ ਇਹ ਇਨਾਮ ਪ੍ਰਾਪਤ ਕਰ ਚੁੱਕੇ ਹਨ।

11 ਦਿਨਾਂ 'ਚ ਜਿੱਤੇ ਦੋ ਗੋਲਡ ਮੈਡਲ

ਬਜਰੰਗ ਇਸ ਸਮੇਂ ਜਾਰਜੀਆਂ 'ਚ ਸਿਖਲਾਈ ਲੈ ਰਿਹਾ ਹੈ। ਉਸ ਨੇ ਕਿਹਾ, ''ਮੇਰਾ ਕੰਮ ਸਖ਼ਤ ਮਿਹਨਤ ਕਰਨਾ ਹੈ। ਮੇਰਾ ਧਿਆਨ ਪੁਰਸਕਾਰਾਂ 'ਤੇ ਨਹੀਂ।ਪਰ ਜੇ ਤੁਸੀਂ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ। ਮੇਰਾ ਨਿਸ਼ਾਨਾ 2020 ਦਾ ਓਲੰਪਿਕ ਜਿੱਤਣਾ ਹੈ।''।ਬਜਰੰਗ ਨੇ ਪਿਛਲੇ ਸਾਲ ਜਕਾਰਤਾ ਏਸ਼ਿਆਈ ਖੇਡਾਂ ਵਿਚ 65 ਕਿੱਲੋ ਭਾਰ ਵਰਗ ਮੁਕਾਬਲੇ 'ਚ ਗੋਲਡ ਮੈਡਲ ਤੇ ਫਿਰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਟੋਕੀਓ ਓਲੰਪਿਕ-2020 ਦਾ ਉਹ ਮੁੱਖ ਦਾਅਵੇਦਾਰ ਹੈ। ਬਜਰੰਗ ਪੂਨੀਆ ਨੇ ਜਾਰਜੀਆ ਵਿਚ ਤਬਿਲਿਸੀ ਗ੍ਰਾਂ ਪ੍ਰੀ ਵਿਚ ਆਪਣੇ ਖ਼ਿਤਾਬ ਦੀ ਰੱਖਿਆ ਕਰਦੇ ਹੋਏ ਸੀਜ਼ਨ ਦਾ ਚੌਥਾ ਗੋਲਡ ਮੈਡਲ ਹਾਸਲ ਕੀਤਾ ਹੈ।।ਬਜਰੰਗ ਨੇ 65 ਕਿੱਲੋ ਵਰਗ ਦੇ ਫਾਈਨਲ ਮੁਕਾਬਲੇ ਵਿਚ ਈਰਾਨ ਦੇ ਪੇਮਨ ਬਿਬਿਆਨੀ ਨੂੰ 2-0 ਨਾਲ ਹਰਾਇਆ। ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ 'ਚ ਬਜਰੰਗ ਨੇ ਡੇਨ ਕੋਲੋਵ, ਏਸ਼ਿਆਈ ਚੈਂਪੀਅਨਸ਼ਿਪ ਤੇ ਅਲੀ ਅਲੀਵ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ ਸੀ। ਇਹ ਉਸ ਦਾ 11 ਦਿਨਾਂ 'ਚ ਦੂਸਰਾ ਗੋਲਡ ਮੈਡਲ ਹੈ।

ਪ੍ਰਾਪਤੀਆਂ ਦੀ ਡਗਰ

ਪੂਨੀਆ ਨੇ ਜਦ ਤੋਂ ਆਪਣਾ ਭਾਰ 61 ਤੋਂ 65 ਕਿੱਲੋ 'ਚ ਤਬਦੀਲ ਕੀਤਾ ਹੈ ਉਦੋਂ ਤੋਂ ਉਹ ਲਗਾਤਾਰ ਅੱਗੇ ਵਧ ਰਿਹਾ ਹੈ। ਦੁਨੀਆ ਦੇ ਨੰਬਰ ਇਕ ਖਿਡਾਰੀ ਬਜਰੰਗ ਨੇ ਚੀਨ ਵਿਖੇ ਫ੍ਰੀ ਸਟਾਈਲ ਮੁਕਾਬਲੇ 'ਚ ਕਜ਼ਾਕਿਸਤਾਨ ਦੇ ਓਕਾਸੋਵ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਹ 2017 ਵਿਚ ਏਸ਼ਿਆਈ ਕੁਸ਼ਤੀ 'ਚ ਜੇਤੂ ਰਿਹਾ ਸੀ। ਇਸ ਤੋਂ ਵੀ ਪਹਿਲਾਂ ਬਜਰੰਗ ਨੇ 2013 ਵਿਚ ਵਿਸ਼ਵ ਚੈਂਪੀਅਨਸ਼ਿਪ ਦੇ 60 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ 'ਚ ਤਾਂਬੇ ਦਾ ਅਤੇ ਪਿਛਲੇ ਸਾਲ 65 ਕਿੱਲੋਗ੍ਰਾਮ 'ਚ ਚਾਂਦੀ ਦਾ ਮੈਡਲ ਜਿੱਤਿਆ ਸੀ। ਅਸੀ ਬਜਰੰਗ ਪੂਨੀਆਂ ਨੂੰ ਮਿਲ ਰਹੇ ਦੇਸ਼ ਦੇ ਇਸ ਵੱਕਾਰੀ ਸਨਮਾਨ ਲਈ ਮੁਬਾਰਕਬਾਦ ਦਿੰਦੇ ਹਾਂ ਉੱਥੇ ਝੱਜਰ (ਹਰਿਆਣਾ) ਦੇ ਇਸ ਪਹਿਲਵਾਨ ਨੂੰ ਟੋਕੀਓ ਓਲੰਪਿਕ 'ਚ ਸੁਨਹਿਰੀ ਮੈਡਲ ਜਿੱਤਣ ਲਈ ਸ਼ੁੱਭਕਾਮਨਾਵਾਂ ਭੇਟ ਕਰਦੇ ਹਾਂ।

- ਮੁਖ਼ਤਾਰ ਗਿੱਲ

98140-82217

Posted By: Harjinder Sodhi