ਨੂਰ ਸੁਲਤਾਨ (ਪੀਟੀਆਈ) : ਭਾਰਤੀ ਭਲਵਾਨ ਬਜਰੰਗ ਪੂਨੀਆ ਤੇ ਰਵੀ ਕੁਮਾਰ ਦਹੀਆ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੇ ਦੇ ਮੈਡਲ 'ਤੇ ਕਬਜ਼ਾ ਕੀਤਾ। ਪੂਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿਚ ਮੰਗੋਲੀਆ ਦੇ ਤੁਲਗਾ ਤੁਮੁਰ ਨੂੰ 8-7 ਨਾਲ ਹਰਾ ਕੇ ਮੈਡਲ ਆਪਣੇ ਨਾਂ ਕੀਤਾ। ਉਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ੁਰੂਆਤ ਕਰਨ ਵਾਲੇ ਰਵੀ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਈਰਾਨ ਦੇ ਰੇਜਾ ਅਤਿ੍ਨਾਘਾਰਚੀ ਨੂੰ 6-3 ਨਾਲ ਹਰਾ ਕੇ ਕਾਂਸੇ ਦੇ ਮੈਡਲ 'ਤੇ ਕਬਜ਼ਾ ਕੀਤਾ। ਖੇਡ ਰਤਨ ਬਜਰੰਗ ਦਾ ਇਸ ਚੈਂਪੀਅਨਸ਼ਿਪ ਵਿਚ ਇਹ ਤੀਜਾ ਮੈਡਲ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿਚ 2013 ਵਿਚ ਕਾਂਸੇ ਤੇ 2018 ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਚੈਂਪੀਅਨਸ਼ਿਪ ਵਿਚ ਉਹ ਤਿੰਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਭਲਵਾਨ ਹਨ। ਬਜਰੰਗ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਬਜਰੰਗ ਨੇ ਚਾਹੇ ਕਾਂਸੇ ਦਾ ਮੈਡਲ ਜਿੱਤ ਲਿਆ ਹੋਵੇ ਪਰ ਸੈਮੀਫਾਈਨਲ ਵਿਚ ਮੇਜ਼ਬਾਨ ਕਜ਼ਾਕਿਸਤਾਨ ਦੇ ਭਲਵਾਨ ਦੌਲਤ ਨਿਆਜਬੇਕੋਵ ਹੱਥੋਂ ਮਿਲੀ ਵਿਵਾਦਤ ਹਾਰ ਲਈ ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਯੂਡਬਲਯੂ) ਨੂੰ ਪੱਤਰ ਲਿਖਿਆ ਹੈ ਤੇ ਮੁਕਾਬਲੇ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ।

ਪਹਿਲੇ ਹੀ ਮੁਕਾਬਲੇ 'ਚ ਹਾਰੇ ਸੁਸ਼ੀਲ

ਨੂਰ ਸੁਲਤਾਨ : ਤਜਰਬੇਕਾਰ ਸੁਸ਼ੀਲ ਕੁਮਾਰ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਠ ਸਾਲ ਬਾਅਦ ਵਾਪਸੀ ਸਿਰਫ਼ ਛੇ ਮਿੰਟ ਤਕ ਹੀ ਚੱਲ ਸਕੀ ਕਿਉਂਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇੱਥੇ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਅਜ਼ਰਬਾਈਜਾਨ ਦੇ ਖਾਦਜਿਮੁਰਾਦ ਗਦਜਿਏਵ ਖ਼ਿਲਾਫ਼ ਮਾਤ ਦਾ ਸਾਹਮਣਾ ਕਰਨਾ ਪਿਆ। ਆਪਣੇ ਪੂਰੇ ਤਜਰਬੇ ਦਾ ਇਸਤੇਮਾਲ ਕਰਦੇ ਹੋਏ ਭਾਰਤੀ ਭਲਵਾਨ ਸੁਸ਼ੀਲ ਨੇ 9-4 ਦੀ ਬੜ੍ਹਤ ਬਣਾ ਲਈ ਪਰ ਆਪਣੇ ਵਿਰੋਧੀ ਖ਼ਿਲਾਫ਼ ਲਗਾਤਾਰ ਅਗਲੇ ਸੱਤ ਅੰਕ ਗੁਆ ਕੇ ਉਹ 74 ਕਿਲੋਗ੍ਰਾਮ ਦੇ ਕੁਆਲੀਫਿਕੇਸ਼ਨ ਗੇੜ ਦੇ ਮੁਕਾਬਲੇ ਵਿਚ 9-11 ਨਾਲ ਹਾਰ ਗਏ। ਅਜਰਬਾਈਜਾਨ ਦਾ ਭਲਵਾਨ ਬਾਅਦ ਵਿਚ ਆਪਣਾ ਅਗਲਾ ਮੁਕਾਬਲਾ ਯੂਐੱਸ ਦੇ ਜਾਰਡਨ ਅਰਨੇਟਸ ਬਰੋਜ ਹੱਥੋਂ ਹਾਰ ਗਿਆ ਜਿਸ ਨਾਲ ਸੁਸ਼ੀਲ ਚੈਂਪੀਅਨਸ਼ਿਪ 'ਚੋਂ ਬਾਹਰ ਹੋ ਗਏ।