ਨਵੀਂ ਦਿੱਲੀ (ਪੀਟੀਆਈ) : ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਕੇਂਤੋ ਮੋਮੋਤਾ ਇੱਥੇ 11 ਤੋਂ 16 ਮਈ ਤਕ ਹੋਣ ਵਾਲੇ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਵਿਚ ਹਿੱਸਾ ਲੈਣਗੇ ਜੋ ਕੋਰੋਨਾ ਮਹਾਮਾਰੀ ਕਾਰਨ ਦਰਸ਼ਕਾਂ ਤੋਂ ਬਿਨਾਂ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਟੋਕੀਓ ਓਲੰਪਿਕ ਦੇ ਆਖ਼ਰੀ ਕੁਆਲੀਫਿਕੇਸ਼ਨ ਟੂਰਨਾਮੈਂਟਾਂ ਵਿਚੋਂ ਹੈ। ਇਸ ਵਿਚ ਚੀਨ ਸਮੇਂ 33 ਰਾਸ਼ਟਰੀ ਸੰਘਾਂ ਦੇ 228 ਖਿਡਾਰੀ ਹਿੱਸਾ ਲੈਣਗੇ। ਭਾਰਤੀ ਬੈਡਮਿੰਟਨ ਸੰਘ ਨੇ ਹਾਲਾਂਕਿ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਟੂਰਨਾਮੈਂਟ ਬਾਇਓ-ਬਬਲ ਵਿਚ ਖੇਡਿਆ ਜਾਵੇਗਾ ਜਿਸ ਵਿਚ ਦਰਸ਼ਕਾਂ ਤੇ ਮੀਡੀਆ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਮਿਲੇਗੀ। ਬਾਈ ਨੇ ਕਿਹਾ ਕਿ ਦੱਖਣੀ ਅਫਰੀਕਾ, ਬ੍ਰਾਜ਼ੀਲ, ਮੱਧ ਪੂਰਬ ਤੇ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਖਿਡਾਰੀ ਤੇ ਅਧਿਕਾਰੀ ਸੱਤ ਦਿਨ ਕੁਆਰੰਟਾਈਨ ਵਿਚ ਰਹਿਣਗੇ। ਉਨ੍ਹਾਂ ਨੂੰ ਤਿੰਨ ਮਈ ਨੂੰ ਦਿੱਲੀ ਪੁੱਜਣਾ ਪਵੇਗਾ। ਬਾਕੀ ਦੇਸ਼ਾਂ ਤੋਂ ਖਿਡਾਰੀ ਤੇ ਅਧਿਕਾਰੀ ਛੇ ਮਈ ਨੂੰ ਆ ਕੇ ਚਾਰ ਦਿਨ ਦੇ ਕੁਆਰੰਟਾਈਨ ਵਿਚ ਰਹਿ ਸਕਦੇ ਹਨ। ਕੋਰਟ 'ਤੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਮਾਰਿਨ ਮਹਿਲਾ ਸਿੰਗਲਜ਼ ਵਿਚ ਮੁੱਖ ਦਾਅਵੇਦਾਰ ਹੋਵੇਗੀ। ਇਸ ਵਿਚ ਅਕਾਨੇ ਯਾਮਾਗੁਚੀ, ਪੀਵੀ ਸਿੰਧੂ, ਕੋਰੀਆ ਦੀ ਅਨ ਸੇ ਯੰਗ ਤੇ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਵੀ ਹਿੱਸਾ ਲੈਣਗੀਆਂ। ਭਾਰਤ ਦੇ 48 ਖਿਡਾਰੀ (27 ਮਹਿਲਾ, 21 ਮਰਦ) ਟੂਰਨਾਮੈਂਟ ਵਿਚ ਖੇਡਣਗੇ ਜਦਕਿ ਮਲੇਸ਼ੀਆ ਦੀ 26 ਮੈਂਬਰੀ ਟੀਮ ਇਸ ਵਿਚ ਹਿੱਸਾ ਲਵੇਗੀ। ਚੀਨ ਦੇ ਵੀ 10 ਖਿਡਾਰੀ ਇਸ ਵਿਚ ਹਿੱਸਾ ਲੈ ਰਹੇ ਹਨ।

ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਦੀ ਆਖ਼ਰੀ ਤਰੀਕ 19 ਅਪ੍ਰੈਲ

ਮਰਦ ਵਰਗ ਵਿਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਮੋਮੋਤਾ, ਪਿਛਲੀ ਵਾਰ ਦੇ ਚੈਂਪੀਅਨ ਵਿਕਟਰ ਐਕਸੇਲਸਨ, ਐਂਡਰਜ਼ ਏਂਟੋਂਸੇਨ, ਆਲ ਇੰਗਲੈਂਡ ਚੈਂਪੀਅਨ ਜੀ ਜੀਆ ਲੀ ਇਸ ਵਿਚ ਖੇਡਣਗੇ। ਭਾਰਤੀ ਟੀਮ ਵਿਚ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ, ਬੀ ਸਾਈ ਪ੍ਰਣੀਤ, ਐੱਚਐੱਸ ਪ੍ਰਣਯ ਤੇ ਪੀ ਕਸ਼ਯਪ ਸ਼ਾਮਲ ਹੋਣਗੇ। ਮਰਦ ਡਬਲਜ਼ ਵਿਚ ਦੁਨੀਆ ਦੀ 10ਵੇਂ ਨੰਬਰ ਦੀ ਜੋੜੀ ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਚੁਣੌਤੀ ਪੇਸ਼ ਕਰਨਗੇ ਜਦਕਿ ਮਹਿਲਾ ਡਬਲਜ਼ ਵਿਚ ਐੱਨ ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ 'ਤੇ ਦਾਰੋਮਦਾਰ ਹੋਵੇਗਾ। ਪੋਨੱਪਾ ਤੇ ਸਾਤਵਿਕ ਮਿਕਸਡ ਡਬਲਜ਼ ਵਿਚ ਵੀ ਇਕੱਠੇ ਖੇਡਣਗੇ। ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਦੀ ਆਖ਼ਰੀ ਤਰੀਕ 19 ਅਪ੍ਰਰੈਲ ਹੈ ਜਦਕਿ 20 ਅਪ੍ਰਰੈਲ ਨੂੰ ਡਰਾਅ ਕੱਢੇ ਜਾਣਗੇ। ਦਿੱਲੀ ਸਰਕਾਰ ਤਿੰਨ ਤੇ ਛੇ ਮਈ ਨੂੰ ਆਮਦ 'ਤੇ ਆਰ ਟੀ ਪੀਸੀਆਰ ਟੈਸਟ ਕਰੇਗੀ ਜੋ ਨੌਂ ਤੇ 14 ਮਈ ਨੂੰ ਮੁੜ ਕੀਤੇ ਜਾਣਗੇ।