ਹੈਦਰਾਬਾਦ (ਪੀਟੀਆਈ) : ਮੌਜੂਦਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੱਥੇ ਐਤਵਾਰ ਨੂੰ ਮਰਦ ਸਿੰਗਲਜ਼ ਦੇ ਖ਼ਿਤਾਬੀ ਮੁਕਾਬਲੇ ਵਿਚ ਸਿੰਗਾਪੁਰ ਦੇ ਲੋਹ ਕੀਨ ਯਿਯੂ 'ਤੇ ਰੋਮਾਂਚਕ ਜਿੱਤ ਦਰਜ ਕੀਤੀ।

ਇਸ ਸਾਲ ਮਈ ਵਿਚ ਸਲੋਵੇਨੀਆ ਅੰਤਰਰਾਸ਼ਟਰੀ ਜਿੱਤਣ ਵਾਲੇ 26 ਸਾਲਾ ਮੱਧ ਪ੍ਰਦੇਸ਼ ਦੇ ਇਸ ਸ਼ਟਲਰ ਨੇ ਇੱਥੇ ਗਾਚੀਬਾਊਲੀ ਇੰਡੋਰ ਸਟੇਡੀਅਮ ਵਿਚ 52 ਮਿੰਟ ਤਕ ਚੱਲੇ ਫਾਈਨਲ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ 44ਵੇਂ ਨੰਬਰ ਦੇ ਖਿਡਾਰੀ ਕੀਨ ਯਿਯੂ ਨੂੰ 21-13, 14-21, 21-16 ਨਾਲ ਮਾਤ ਦਿੱਤੀ। ਸੌਰਭ ਨੇ ਕਿਹਾ ਕਿ ਮੈਂ ਇਸ ਹਫ਼ਤੇ ਦੇ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ। ਮੈਂ ਪਿਛਲੇ ਦੌਰੇ 'ਚ ਕੁਝ ਅਹਿਮ ਮੈਚ ਜਿੱਤੇ ਤੇ ਫਾਈਨਲ ਵਿਚ ਵੀ ਮੈਂ ਚੰਗਾ ਖੇਡਿਆ। ਪਹਿਲੀ ਗੇਮ ਜਿੱਤਣ ਤੋਂ ਬਾਅਦ ਮੈਂ ਦੂਜੀ ਗੇਮ ਵਿਚ ਬੜ੍ਹਤ ਲੈ ਰਿਹਾ ਸੀ ਪਰ ਮੈਂ ਥੋੜ੍ਹਾ ਜਿਹਾ ਫੋਕਸ ਗੁਆ ਬੈਠਾ ਤੇ ਜਲਦ ਮੈਚ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਵਿਰੋਧੀ ਨੇ ਆਪਣੀ ਖੇਡ ਬਦਲੀ ਤੇ ਵਾਪਸੀ ਕਰਨਾ ਮੁਸ਼ਕਲ ਸੀ।

ਤੀਜੀ ਗੇਮ ਵਿਚ ਮੈਂ ਆਪਣੀ ਰਣਨੀਤੀ ਬਦਲੀ ਤੇ ਇਸ ਨੇ ਕੰਮ ਕੀਤਾ। ਕੁੱਲ ਮਿਲਾ ਕੇ ਮੈਂ ਇਸ ਹਫ਼ਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਤੋਂ ਖ਼ੁਸ਼ ਹਾਂ। ਇਸ ਤੋਂ ਇਲਾਵਾ ਚੋਟੀ ਦਾ ਦਰਜਾ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਨੇ ਪਹਿਲਾ ਮਹਿਲਾ ਡਬਲਜ਼ ਖ਼ਿਤਾਬ ਜਿੱਤਣ ਦਾ ਮੌਕਾ ਗੁਆ ਦਿੱਤਾ। ਖ਼ਿਤਾਬੀ ਮੁਕਾਬਲੇ ਵਿਚ ਉਨ੍ਹਾਂ ਨੂੰ ਕੋਰੀਆ ਦੀ ਬਾਏਕ ਹਾ ਨਾ ਤੇ ਜੰਗ ਕਿਊਂਗ ਯੁਨ ਦੀ ਜੋੜੀ ਹੱਥੋਂ 17-21, 17-21 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ।