ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਉੱਭਰਦੀ ਹੋਈ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਨੇ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਅੰਡਰ-17 ਸਿੰਗਲਜ਼ ਮਹਿਲਾ ਮੁਕਾਬਲੇ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ ਜਾਪਾਨ ਦੀ ਮਿਓਨ ਯੋਕੂਚੀ ਨੂੰ ਸਿੱਧੀਆਂ ਗੇਮਾਂ ਵਿਚ 21-8, 21-17 ਨਾਲ ਮਾਤ ਦਿੱਤੀ। ਇਸ ਤਰ੍ਹਾਂ ਉਹ ਅੰਡਰ-17 ਸਿੰਗਲਜ਼ ਮਹਿਲਾ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਬਣ ਗਈ।

ਥਾਈਲੈਂਡ ਦੇ ਨੋਥਾਬੁਰੀ ਵਿਚ ਖੇਡੀ ਜਾ ਰਹੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਐਤਵਾਰ ਨੂੰ ਉੱਨਤੀ ਦਾ ਸਾਹਮਣਾ ਸਥਾਨਕ ਖਿਡਾਰਨ ਸਰੂਨਰਕ ਵਿਟੀਡਸਨ ਨਾਲ ਹੋਵੇਗਾ। ਉੱਨਤੀ ਤੋਂ ਇਲਾਵਾ ਅੰਡਰ-15 ਸਿੰਗਲਜ਼ ਖਿਡਾਰੀ ਅਨੀਸ਼ ਥੋਪਾਨੀ ਤੇ ਅਰਸ਼ਦ ਮੁਹੰਮਦ ਅਤੇ ਸੰਸਕਾਰ ਸਾਰਸਵਤ ਦੀ ਅੰਡਰ-17 ਮਰਦ ਡਬਲਜ਼ ਜੋੜੀ ਨੇ ਵੀ ਅਸਰਦਾਰ ਜਿੱਤ ਨਾਲ ਫਾਈਨਲ ਵਿਚ ਥਾਂ ਪੱਕੀ ਕੀਤੀ। ਸ਼ਾਨਦਾਰ ਲੈਅ ਵਿਚ ਚੱਲ ਰਹੀ ਅਰਸ਼ ਤੇ ਸੰਸਕਾਰ ਦੀ ਜੋੜੀ ਨੇ ਆਖ਼ਰੀ ਚਾਰ ਦੇ ਮੁਕਾਬਲੇ ਵਿਚ ਚੀ-ਰੂਈ ਚਿਊ ਤੇ ਸ਼ਾਓ ਹੁਆ ਚਿਊ ਦੀ ਚੀਨੀ ਤਾਇਪੇ ਦੀ ਜੋੜੀ ਖ਼ਿਲਾਫ਼ 21-15, 21-19 ਨਾਲ ਜਿੱਤ ਦਰਜ ਕੀਤੀ। ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਲਾਈ ਪੋ ਯੂ ਤੇ ਯੀ-ਹਾਓ ਲਿਨ ਦੀ ਇਕ ਹੋਰ ਚੀਨੀ ਤਾਇਪੇ ਦੀ ਜੋੜੀ ਨਾਲ ਹੋਵੇਗਾ।

ਮਰਦਾਂ ਦੇ ਅੰਡਰ-15 ਸੈਮੀਫਾਈਨਲ ਵਿਚ ਅਨੀਸ਼ ਨੇ ਇਕ ਗੇਮ ਪੱਛੜਨ ਤੋਂ ਬਾਅਦ ਦਮਦਾਰ ਵਾਪਸੀ ਕਰਦੇ ਹੋਏ ਚੀਨੀ ਤਾਇਪੇ ਦੇ ਦੂਜਾ ਦਰਜਾ ਹਾਸਲ ਲੀ ਯੂ-ਜੁਈ ਨੂੰ 18-21, 21-12, 21-12 ਨਾਲ ਮਾਤ ਦਿੱਤੀ। ਫਾਈਨਲ ਵਿਚ ਅਨੀਸ਼ ਦਾ ਸਾਹਮਣਾ ਚੀਨੀ ਤਾਇਪੇ ਦੇ ਚੁੰਗ-ਸਿਯਾਂਗ ਯਿਹ ਨਾਲ ਹੋਵੇਗਾ ਜਿਨ੍ਹਾਂ ਨੇ ਦੂਜੇ ਸੈਮੀਫਾਈਨਲ ਵਿਚ ਗਿਆਨ ਦੱਤੂ ਨੂੰ 21-16, 19-21, 21-13 ਨਾਲ ਮਾਤ ਦਿੱਤੀ। ਦੱਤੂ ਦੀ ਮੁਹਿੰਮ ਕਾਂਸੇ ਦੇ ਮੈਡਲ ਨਾਲ ਖ਼ਤਮ ਹੋਈ।