ਚਾਂਗਝੂ (ਪੀਟੀਆਈ) : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਭਾਰਤ ਦੀ ਮਿਕਸਡ ਡਬਲਜ਼ ਜੋੜੀ ਨੇ ਮੰਗਲਵਾਰ ਨੂੰ ਇੱਥੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਪ੍ਰਵੀਣ ਜਾਰਡਨ ਤੇ ਮੇਲਾਤੀ ਦੇਇਵਾ ਓਕਤਾਵਿਆਂਤੀ ਦੀ ਇੰਡੋਨੇਸ਼ੀਆ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕੀਤਾ। ਸਾਤਵਿਕ ਤੇ ਅਸ਼ਵਿਨੀ ਦੀ ਦੁਨੀਆ ਦੀ 26ਵੇਂ ਨੰਬਰ ਦੀ ਜੋੜੀ ਨੇ ਇਕ ਗੇਮ ਗੁਆਉਣ ਦੇ ਬਾਵਜੂਦ 50 ਮਿੰਟ ਵਿਚ ਪ੍ਰਵੀਣ ਤੇ ਮੇਲਾਤੀ ਦੀ ਜੋੜੀ ਨੂੰ 22-20, 17-21, 21-17 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਜਾਰਡਨ ਤੇ ਮੇਲਾਤੀ ਦੀ ਜੋੜੀ 2018 ਇੰਡੀਆ ਓਪਨ ਸਮੇਤ ਪੰਜ ਫਾਈਨਲ ਵਿਚ ਥਾਂ ਬਣਾ ਚੁੱਕੀ ਹੈ ਪਰ ਭਾਰਤੀ ਜੋੜੀ ਨੇ ਉਨ੍ਹਾਂ ਨੂੰ ਲਗਾਤਾਰ ਦਬਾਅ ਵਿਚ ਰੱਖਦੇ ਹੋਏ ਜਿੱਤ ਦਰਜ ਕੀਤੀ। ਭਾਰਤੀ ਜੋੜੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਹ 4-7 ਨਾਲ ਪੱਛੜ ਗਈ। ਲਗਾਤਾਰ ਪੰਜ ਅੰਕਾਂ ਦੀ ਬਦੌਲਤ ਸਾਤਵਿਕ ਤੇ ਅਸ਼ਵਿਨੀ ਹਾਲਾਂਕਿ ਬ੍ਰੇਕ ਤਕ 11-10 ਦੀ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੇ। ਬ੍ਰੇਕ ਤੋਂ ਬਾਅਦ ਜਾਰਡਨ ਤੇ ਮੇਲਾਤੀ ਦੀ ਜੋੜੀ ਨੇ 18-12 ਦੀ ਵੱਡੀ ਬੜ੍ਹਤ ਹਾਸਲ ਕਰ ਲਈ ਪਰ ਭਾਰਤੀ ਜੋੜੀ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਕੋਰ 20-20 ਕੀਤਾ ਤੇ ਫਿਰ ਗੇਮ ਜਿੱਤ ਲਈ। ਦੂਜੀ ਗੇਮ ਵਿਚ ਵੀ ਇੰਡੋਨੇਸ਼ੀਆ ਦੀ ਜੋੜੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ 4-4 ਦੇ ਸਕੋਰ ਤੋਂ ਬਾਅਦ ਬ੍ਰੇਕ ਤਕ 11-8 ਦੀ ਬੜ੍ਹਤ ਬਣਾਈ। ਜਾਰਡਨ ਤੇ ਮੇਲਾਤੀ ਨੇ ਇਸ ਤੋਂ ਬਾਅਦ ਇਸ ਬੜ੍ਹਤ ਨੂੰ ਕਾਇਮ ਰੱਖਦੇ ਹੋਏ ਦੂਜੀ ਗੇਮ ਜਿੱਤ ਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ। ਤੀਜੀ ਤੇ ਫ਼ੈਸਲਾਕੁਨ ਗੇਮ ਵਿਚ ਸਾਤਵਿਕ ਤੇ ਅਸ਼ਵਿਨੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ 4-2 ਦੀ ਬੜ੍ਹਤ ਬਣਾਈ ਤੇ ਫਿਰ ਬ੍ਰੇਕ ਤਕ 11-6 ਨਾਲ ਅੱਗੇ ਹੋ ਗਏ। ਜਾਰਡਨ ਤੇ ਮੇਲਾਤੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜੋੜੀ ਨੇ ਬੜ੍ਹਤ ਕਾਇਮ ਰੱਖਦੇ ਹੋਏ ਗੇਮ ਤੇ ਮੈਚ ਆਪਣੇ ਨਾਂ ਕੀਤਾ।

ਅਗਲਾ ਮੁਕਾਬਲਾ :

ਸਾਤਵਿਕ ਤੇ ਅਸ਼ਵਿਨੀ ਦਾ ਸਾਹਮਣਾ ਅਗਲੇ ਗੇੜ ਵਿਚ ਯੁਕੀ ਦੇ ਨੇਕੋ ਤੇ ਮਿਸਾਕੀ ਮਾਤਸੁਤੋਮੋ ਦੀ ਜਾਪਾਨ ਦੀ ਜੋੜੀ ਤੇ ਸੈਮ ਮੈਗੀ ਤੇ ਕਲੋ ਮੈਗੀ ਦੀ ਆਇਰਲੈਂਡ ਦੀ ਭਰਾ-ਭੈਣ ਦੀ ਜੋੜੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।