ਨਵੀਂ ਦਿੱਲੀ (ਪੀਟੀਆਈ) : ਭਾਰਤੀ ਬੈਡਮਿੰਟਨ ਸੰਘ (ਬਾਈ) ਹੈਦਰਾਬਾਦ 'ਚ ਅਭਿਆਸ ਕੈਂਪ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਜੇ ਉਸ ਨੂੰ ਸੂਬਾਈ ਸਰਕਾਰ ਤੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਫਿਰ ਪੀਵੀ ਸਿੰਧੂ ਸਮੇਤ ਦੇਸ਼ ਦੇ ਕੁਝ ਚੋਟੀ ਦੇ ਸ਼ਟਲਰਾਂ ਨੂੰ ਲੰਬੇ ਸਮੇਂ ਤੋਂ ਬਾਅਦ ਕੋਰਟ 'ਤੇ ਉਤਰਨ ਦਾ ਮੌਕਾ ਮਿਲ ਜਾਵੇਗਾ। ਭਾਰਤੀ ਖੇਡ ਅਥਾਰਟੀ (ਸਾਈ) ਦੇ ਪਿਛਲੇ ਮਹੀਨੇ ਖੇਡਾਂ ਦੀ ਬਹਾਲੀ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਕੁਝ ਭਾਰਤੀ ਖਿਡਾਰੀਆਂ ਨੇ ਬੈਂਗਲੁਰੂ ਮੌਜੂਦ ਪ੍ਰਕਾਸ਼ ਪਾਦੂਕੋਣ ਅਕੈਡਮੀ ਵਿਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਪਰ ਹੈਦਰਾਬਾਦ ਵਿਚ ਰਹਿਣ ਵਾਲੇ ਖਿਡਾਰੀ ਹੁਣ ਵੀ ਇਸ ਲਈ ਉਡੀਕ ਕਰ ਰਹੇ ਹਨ। ਹੈਦਰਾਬਾਦ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਲਾਕਡਾਊਨ 30 ਜੂਨ ਤਕ ਵਧਾ ਦਿੱਤਾ ਹੈ ਪਰ ਇਸ ਕਾਰਨ ਸੂਬੇ ਦੇ ਚੋਟੀ ਦੇ ਖਿਡਾਰੀਆਂ ਦੀ ਖੇਡ ਵਿਚ ਵਾਪਸੀ 'ਚ ਵੀ ਦੇਰੀ ਹੋਈ ਹੈ। ਬਾਈ ਸਕੱਤਰ ਅਜੇ ਸਿੰਘਾਨੀਆ ਨੇ ਕਿਹਾ ਕਿ ਮਹਾਮਾਰੀ ਕਾਰਨ ਅਭਿਆਸ ਰੁਕ ਗਿਆ ਸੀ ਪਰ ਹਾਲਾਤ ਨੂੰ ਦੇਖਣ ਤੋਂ ਬਾਅਦ ਅਸੀਂ ਇਕ ਜੁਲਾਈ ਤੋਂ ਹੈਦਰਾਬਾਦ ਵਿਚ ਅਭਿਆਸ ਕੈਂਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਇਹ ਸੂਬਾਈ ਸਰਕਾਰ ਦੀ ਮਨਜ਼ੂਰੀ 'ਤੇ ਨਿਰਭਰ ਹੈ।


ਸਤੰਬਰ ਤਕ ਘਰੇਲੂ ਟੂਰਨਾਮੈਂਟ ਨਹੀਂ :


ਬੈਡਮਿੰਟਨ ਸੰਘ ਨੇ ਕੋਵਿਡ-19 ਮਹਾਮਾਰੀ ਕਾਰਨ 27 ਅਪ੍ਰੈਲ ਤੋਂ ਤਿੰਨ ਮਈ ਵਿਚਾਲੇ ਹੋਣ ਵਾਲੀਆਂ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪਾਂ ਮਾਰਚ 'ਚ ਹੀ ਮੁਲਤਵੀ ਕਰ ਦਿੱਤੀਆਂ ਸਨ ਤੇ ਹੁਣ ਉਸ ਨੇ ਸਤੰਬਰ ਤਕ ਘਰੇਲੂ ਟੂਰਨਾਮੈਂਟ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

Posted By: Rajnish Kaur