ਬਾਸੇਲ (ਸਵਿੱਟਜਰਲੈਂਡ), ਪੀਟੀਆਈ : ਭਾਰਤੀ ਸਟਾਰ ਪੀਵੀ ਸਿੰਧੂ ਨੇ ਸ਼ਨਿਚਰਵਾਰ ਨੂੰ ਇਥੇ ਆਲ ਇੰਗਲੈਂਡ ਚੈਂਪੀਅਨ ਚੇਨ ਯੂ ਫੇਈ 'ਤੇ ਸਿੱਧੇ ਸੈੱਟਾਂ 'ਚ ਮਿਲੀ ਜਿੱਤ ਨਾਲ ਲਗਾਤਾਰ ਤੀਜੇ ਫਾਈਨਲ 'ਚ ਪ੍ਰਵੇਸ਼ ਕੀਤਾ ਜਿਸ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਮੈਡਲ ਜਿੱਤ ਤੋਂ ਸਿਰਫ ਇਕ ਕਦਮ ਦੂਰ ਹੈ।

ਸਿੰਧੂ ਇਸ ਮੰਨੇ ਪ੍ਰਮੰਨੇ ਟੂਰਨਾਮੈਂਟ ਦੇ ਪਿਛਲੇ ਦੋ ਗੇੜਾਂ (2017 ਤੇ 2018) 'ਚ ਸੋਨ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਤੇ ਉਨ੍ਹਾਂ ਨੇ ਚਾਂਦੀ ਮੈਡਲ ਹੀ ਜਿੱਤ ਕੇ ਸੰਤੋਸ਼ ਕੀਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ਦੋ ਕਾਂਸੀ ਮੈਡਲ ਵੀ ਹਨ।

ਹੈਦਰਾਬਾਦੀ ਖਿਡਾਰਨ ਨੇ 40 ਮਿੰਟ ਤਕ ਚੱਲੇ ਸੈਮੀਫਾਈਨਲ 'ਚ ਚੀਨ ਦੀ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਚੇਨ ਯੂ ਫੇਈ ਨੂੰ 21-7, 21-14 ਨਾਲ ਹਰਾਇਆ।

24 ਸਾਲ ਦੇ ਭਾਰਤੀ ਖਿਡਾਰੀ ਹੁਣ ਐਤਵਾਰ ਨੂੰ ਥਾਈਲੈਂਡ ਦੀ 2013 ਦੀ ਵਿਸ਼ਵ ਚੈਪੀਅਨ ਰਤਚਾਨੋਕ ਇੰਤਾਨੋਨ ਤੇ ਜਾਪਾਨ ਦੀ 2017 ਦੀ ਜੇਤੂ ਨਾਓਮੀ ਓਕੁਹਾਰਾ ਦਰਮਿਆਨ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਭਿੜੇਗੀ। ਓਲੰਪਿਕ ਚਾਂਦੀ ਮੈਡਲ ਜੇਤੂ ਸਿੰਧੂ ਦਾ ਮੈਚ ਤੋਂ ਪਹਿਲਾਂ ਚੇਨ ਖ਼ਿਲਾਫ਼ ਰਿਕਾਰਡ 5-3 ਦਾ ਸੀ। ਉਨ੍ਹਾਂ ਨੇ ਸ਼ੁਰੂ 'ਚ ਤੇਜ਼ੀ ਨਾਲ ਵਾਧਾ ਬਣਾਇਆ। ਸਿੰਧੂ ਨੇ ਤੇਜ਼ ਤਰਾਰ ਸ਼ਾਟਾਂ ਨਾਲ ਕਮਜ਼ੋਰ ਰਿਟਰਨ ਦਾ ਫਾਇਦਾ ਚੁੱਕਿਆ ਤੇ ਆਪਣੀ ਵਿਰੋਧੀ ਖਿਡਾਰਨ ਨੂੰ ਹਰਾ ਦਿੱਤਾ। ਪਹਿਲੇ ਬ੍ਰੇਕ 'ਚ ਸਿੱਧੂ ਨੇ 11-3 ਦਾ ਵਾਧਾ ਬਣਾਇਆ ਸੀ। ਚੇਨ ਦਾ ਮੁਸ਼ਕਲ ਦੌਰ ਜਾਰੀ ਰਿਹਾ ਤੇ ਉਹ ਲਾਈਨ ਤੋਂ ਖੁੰਝਦੀ ਰਹੀ ਜਿਸ ਨਾਲ ਭਾਰਤੀ ਖਿਡਾਰਨ ਨੇ ਚੰਗੇ ਅੰਕ ਹਾਸਲ ਕੀਤੇ। ਇਸ ਤਰ੍ਹਾਂ ਸਿੰੱਧੂ ਨੇ ਪਹਿਲੇ ਸੈੱਟ ਆਸਾਨੀ ਨਾਲ ਜਿੱਤ ਲਿਆ। ਦੂਜੇ ਗੇਮ 'ਚ ਚੇਨ ਨੇ ਵਧੀਆ ਸ਼ੁਰੂਆਤ ਕੀਤੀ ਤੇ ਦੋਵੇਂ ਖਿਡਾਰਨਾਂ 3-3 ਨਾਲ ਬਰਾਬਰੀ 'ਤੇ ਸਨ। ਪਰ ਚੀਨੀ ਖਿਡਾਰਨ ਦੀਆਂ ਗ਼ਲਤੀਆਂ ਜਾਰੀ ਰਹੀਆਂ। ਜਿਸ ਨਾਲ ਸਿੰਧੂ ਨੇ ਵਾਧਾ 10-6 ਕਰ ਲਿਆ। ਸਿੰਧੂ ਨੇ ਚੇਨ ਦੇ ਬੈਕਹੈਂਡ ਦੀ ਕਮਜ਼ੋਰੀ ਦਾ ਫ਼ਾਇਦਾ ਚੁੱਕਦਿਆਂ ਬ੍ਰੇਕ ਤਕ 11-7 ਨਾਲ ਅੱਗੇ ਹੋ ਗਈ। ਭਾਰਤੀ ਖਿਡਾਰਨ ਨੇ ਰੈਲੀਆਂ ਦੌਰਾਨ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਾ ਦਿੱਤਾ ਤੇ ਇਨ੍ਹਾਂ ਕੋਸ਼ਿਸ਼ਾਂ ਦਾ ਉਸ ਨੂੰ ਫ਼ਲ ਮਿਲਿਆ। ਚੇਨ ਨੇ ਕਈ ਗ਼ਲਤੀਆਂ ਕੀਤੀਆਂ ਤੇ ਸਿੰਧੂ ਨੇ ਜਲਦ ਹੀ ਵਾਧਾ 17-9 ਕਰ ਲਿਆ ਤੇ ਇਸ ਨੂੰ ਜਿੱਤ ਲਿਆ।

ਪ੍ਰਣੀਨ ਨੂੰ ਕਾਂਸੀ ਨਾਲ ਕਰਨਾ ਪਿਆ ਸੰਤੋਸ਼

ਬਾਸੇਲ (ਸਵਿੱਟਜਰਲੈਂਡ) : ਬੀ ਸਾਈਂ ਪ੍ਰਣੀਤ ਦਾ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਸਫ਼ਰ ਖ਼ਤਮ ਹੋ ਗਿਆ ਤੇ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਇਕਤਰਫ਼ਾ ਸੈਮੀਫਾਈਨਲ 'ਚ ਸਾਬਕਾ ਚੈਂਪੀਅਨ ਕੇਂਟੋ ਮੋਮੋਟਾ ਤੋਂ ਹਾਰ ਕੇ ਕਾਂਸੀ ਦੇ ਮੈਡਲ ਨਾਲ ਸੰਤੋਸ਼ ਕਰਨਾ ਪਿਆ। ਪ੍ਰਣੀਨ ਦਾ ਹਮਲਾ ਖੇਡ ਫਾਰਮ 'ਚ ਚੱਲ ਰਹੇ ਮੋਮੋਟਾ ਦੇ ਡਿਫੈਂਸ ਦੇ ਸਾਹਮਣੇ ਟਿਕ ਨਾ ਸਕਿਆ ਤੇ 41 ਮਿੰਟ ਤਕ ਚੱਲੇ ਮੁਕਾਬਲੇ 'ਚ ਉਹ ਜਾਪਾਨ ਦੇ ਨੰਬਰ ਇਕ ਖਿਡਾਰੀ ਤੋਂ 13-21, 8-21 ਨਾਲ ਹਾਰ ਗਏ। ਇਸ ਹਾਰ ਦੇ ਬਾਵਜੂਦ ਪ੍ਰਣੀਤ ਨੇ ਸ਼ਨਦਾਰ ਉਪਲੱਬਧੀ ਆਪਣੇ ਨਾਂ ਕੀਤੀ। ਉਹ 36 ਸਾਲ 'ਚ ਇਸ ਮੰਨੇ ਪ੍ਰਮੰਨੇ ਟੂਰਨਾਮੈਂਟ 'ਚ ਸਿੰਗਲਸ 'ਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣ ਗਏ। ਪ੍ਰਕਾਸ਼ ਪਾਦੂਕੋਣ ਨੇ 1983 ਗੇੜ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਸ 'ਚ ਕਾਂਸੀ ਮੈਡਲ ਹਾਸਲ ਕੀਤਾ ਸੀ। ਪ੍ਰਣੀਤ ਨੇ ਆਖਿਆ ਮੈਂ ਇਸ ਸੈਮੀਫਾਈਨਲ ਮੈਚ 'ਚ ਬਹੁਤ ਕੁਝ ਸਿੱਖਿਆ। ਮੈਨੂੰ ਸਮਝ ਆਇਆ ਕਿ ਮੋਮੋਟਾ ਵਰਗੇ ਖਿਡਾਰੀ ਨੂੰ ਹਰਾਉਣ ਲਈ ਇੰਨੇ ਨਾਲ ਕੰਮ ਨਹੀਂ ਚੱਲੇਗਾ। ਮੈਨੂੰ ਹੋਰ ਜ਼ਿਆਦਾ ਫਿੱਟ ਹੋਣ ਦੀ ਜ਼ਰੂਰਤ ਹੈ। ਮੈਨੂੰ ਆਪਣੀ ਫਿਟਨੈੱਸ 'ਤੇ ਹੋਰ ਜ਼ਿਆਦਾ ਕੰਮ ਕਰਨਾ ਹੈ। ਇਹ ਟੂਰਨਾਮੈਂਟ ਹੁਣ ਤਕ ਮੇਰੇ ਲਈ ਬਹੁਤ ਹੀ ਚੰਗਾ ਰਿਹਾ। ਇਹ ਇਕ ਬਹੁਤ ਵੱਡਾ ਟੂਰਨਾਮੈਂਟ ਹੈ।