ਨਵੀਂ ਦਿੱਲੀ (ਆਈਏਐੱਨਐੱਸ) : ਕਸ਼ਮੀਰ ਵਾਦੀ ਤੋਂ ਲੈ ਕੇ ਉੱਤਰ ਪੂਰਬ ਦੇ ਲੁੰਗਲੇਈ ਤਕ ਰਾਸ਼ਟਰੀ ਫੁੱਟਬਾਲ ਮਹਾਸੰਘ ਦੀ ਮਦਦ ਨਾਲ ਪੂਰੇ ਭਾਰਤ ਵਿਚ ਬੇਬੀ ਲੀਗ ਆਪਣੀ ਚਮਕ ਬਿਖੇਰ ਰਹੀ ਹੈ ਤਾਂਕਿ ਫੁੱਟਬਾਲ ਵਿਚ ਬਿਹਤਰ ਭਵਿੱਖ ਲਈ ਛੇ ਸਾਲ ਦੇ ਬੱਚਿਆਂ ਦੇ ਰੂਪ ਵਿਚ ਯੋਗਤਾ ਦੀ ਭਾਲ ਕੀਤੀ ਜਾ ਸਕੇ। ਪਿਛਲੇ ਸਾਲ ਸਤੰਬਰ ਵਿਚ ਬੇਬੀ ਲੀਗ ਦੀ ਸ਼ੁਰੂਆਤ ਹੋਈ ਸੀ ਤੇ ਇਹ ਕਸ਼ਮੀਰ ਵਾਦੀ, ਮਿਜ਼ੋਰਮ, ਬੰਗਾਲ, ਤਾਮਿਲਨਾਡੂ ਤੇ ਮਹਾਰਾਸ਼ਟਰ ਵਿਚ ਚੰਗੀ ਸਫ਼ਲ ਹੋਈ ਹੈ। ਉਥੇ ਗੁਜਰਾਤ, ਕੇਰਲ, ਕਰਨਾਟਕ ਤੇ ਪੰਜਾਬ ਵਰਗੇ ਸੂਬੇ ਵੀ ਇਸ ਨੂੰ ਅਪਣਾਉਣ ਜਾ ਰਹੇ ਹਨ। ਬੇਬੀ ਲੀਗ ਸੱਤ ਉਮਰ ਵਰਗਾਂ ਵਿਚ ਕਰਵਾਈ ਜਾਂਦੀ ਹੈ ਜਿਸ ਵਿਚ ਅੰਡਰ-6, ਅੰਡਰ-7, ਅੰਡਰ-8, ਅੰਡਰ-9, ਅੰਡਰ-10, ਅੰਡਰ-11, ਅੰਡਰ-12 ਸ਼ਾਮਲ ਹਨ। ਸਰਬ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਵੱਲੋਂ ਪੇਸ਼ ਕੀਤੇ ਗਏ ਅੰਕੜੇ ਮੁਤਾਬਕ ਪਿਛਲੇ ਸਾਲ 21471 ਬੱਚਿਆਂ ਨੇ ਇਸ ਵਿਚ ਹਿੱਸਾ ਲਿਆ ਸੀ ਤੇ ਇਸ ਸਾਲ ਇਹ ਅੰਕੜਾ 43575 ਪਹੁੰਚ ਗਿਆ। ਿਫ਼ਲਹਾਲ ਏਆਈਐੱਫਐੱਫ ਇਸ ਲੀਗ ਨੂੰ ਬਿਹਤਰ ਬਣਾਉਣ 'ਤੇ ਲਗਾਤਾਰ ਨਜ਼ਰਾਂ ਗੱਡੀ ਬੈਠਾ ਹੋਇਆ ਹੈ ਤੇ ਪਿਛਲੇ ਦਿਨੀਂ ਉਸ ਨੇ ਗੋਲਡਨ ਬੇਬੀ ਲੀਗ ਦਾ ਪਹਿਲਾ ਐਡੀਸ਼ਨ ਕਰਵਾਇਆ ਸੀ।