ਮੈਲਬੌਰਨ (ਏਐੱਫਪੀ) : ਟੈਨਿਸ ਦਿੱਗਜ ਖਿਡਾਰੀ ਐਂਡੀ ਮਰੇ ਨੇ ਭਾਵੁਕ ਹੋ ਕੇ ਕਿਹਾ ਕਿ ਸਰਜਰੀ ਤੋਂ ਬਾਅਦ ਦਰਦ ਕਾਰਨ ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਆਸਟ੍ਰੇਲੀਅਨ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ। ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਮਰੇ ਮੀਡੀਆ ਨਾਲ ਗੱਲਬਾਤ 'ਚ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸਾਬਕਾ ਨੰਬਰ ਇਕ ਮਰੇ ਨੇ ਕਿਹਾ ਕਿ ਮੈਂ ਕਮੀਆਂ ਨਾਲ ਖੇਡ ਸਕਦਾ ਹਾਂ ਪਰ ਕਮੀਆਂ ਤੇ ਦਰਦ ਮੈਨੂੰ ਮੁਕਾਬਲੇ ਜਾਂ ਸਿਖਲਾਈ ਦਾ ਮਜ਼ਾ ਨਹੀਂ ਲੈਣ ਦੇ ਰਹੇ। ਮੈਂ ਆਪਣੇ ਘਰੇਲੂ ਗਰੈਂਡ ਸਲੈਮ ਵਿੰਬਲਡਨ ਨਾਲ ਕਰੀਅਰ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ ਪਰ ਮੇਰੇ ਲਈ ਤਦ ਖੇਡਣਾ ਮੁਸ਼ਕਲ ਹੋਵੇਗਾ। ਮੈਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹਾਂ। ਮੈਂ ਇਸ ਗੱਲ ਨੂੰ ਲੈ ਕੇ ਆਸਵੰਦ ਨਹੀਂ ਹਾਂ ਕਿ ਚਾਰ-ਪੰਜ ਮਹੀਨੇ ਖੇਡ ਸਕਾਂਗਾ। ਪਿਛਲੇ ਸੈਸ਼ਨ ਵਿਚ ਉਨ੍ਹਾਂ ਨੇ ਸਤੰਬਰ ਵਿਚ ਸ਼ੇਨਝੇਨ ਵਿਚ ਆਪਣਾ ਆਖ਼ਰੀ ਟੂਰਨਾਮੈਂਟ ਖੇਡਿਆ ਸੀ। ਇਸ ਸੈਸ਼ਨ ਵਿਚ ਬਿ੍ਸਬੇਨ ਵਿਚ ਉਹ ਦੂਜੇ ਗੇੜ ਵਿਚ ਹਾਰ ਕੇ ਬਾਹਰ ਹੋ ਗਏ। ਆਸਟ੍ਰੇਲੀਅਨ ਓਪਨ ਵਿਚ ਉਹ ਪਹਿਲੇ ਗੇੜ ਵਿਚ 22ਵਾਂ ਦਰਜਾ ਹਾਸਲ ਰਾਬਰਟ ਬਤਿਸਤਾ ਅਗੁਟ ਨਾਲ ਖੇਡਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੈਚ ਵਿਚ ਖੇਡਾਂਗਾ। ਮੈਂ ਇਕ ਪੱਧਰ ਤਕ ਖੇਡ ਸਕਦਾ ਹਾਂ ਪਰ ਇਸ ਪੱਧਰ ਤਕ ਨਹੀਂ ਜਿਵੇਂ ਖੇਡ ਕੇ ਮੈਂ ਖ਼ੁਸ਼ ਰਹਿ ਸਕਾਂ।

ਸ਼ਾਨਦਾਰ ਰਹੇ ਟੂਰਨਾਮੈਂਟ : ਮਰੇ ਨੇ ਵਿੰਬਲਡਨ ਵਿਚ 2013 ਵਿਚ ਜਿੱਤ ਦਰਜ ਕਰ ਕੇ ਇਸ ਟੂਰਨਾਮੈਂਟ ਵਿਚ ਖ਼ਿਤਾਬ ਦੇ ਬਿ੍ਟੇਨ ਦੇ 77 ਸਾਲ ਦੇ ਸੋਕੇ ਨੂੰ ਸਮਾਪਤ ਕੀਤਾ ਸੀ। ਉਨ੍ਹਾਂ ਤੋਂ ਪਹਿਲਾਂ ਫਰੈਡ ਪੈਰੀ ਨੇ ਇਹ ਖ਼ਿਤਾਬ ਜਿੱਤਿਆ ਸੀ। ਮਰੇ ਨੇ 2016 ਵਿਚ ਵੀ ਇਸ ਖ਼ਿਤਾਬ ਨੂੰ ਦੁਬਾਰਾ ਆਪਣੇ ਨਾਂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2012 ਵਿਚ ਯੂਐੱਸ ਓਪਨ ਫਾਈਨਲ ਵਿਚ ਚਾਰ ਘੰਟੇ 54 ਮਿੰਟ ਤਕ ਚੱਲੇ ਮੈਚ ਵਿਚ ਜੋਕੋਵਿਕ ਨੂੰ ਹਰਾ ਕੇ 1936 ਵਿਚ ਖ਼ਿਤਾਬ ਜਿੱਤਣ ਵਾਲੇ ਪੈਰੀ ਦੀ ਬਰਾਬਰੀ ਕੀਤੀ ਸੀ।