ਮੈਲਬੌਰਨ (ਏਐੱਫਪੀ) : ਦੁਨੀਆ ਦੇ ਨੰਬਰ ਇਕ ਮਰਦ ਖਿਡਾਰੀ ਰਾਫੇਲ ਨਡਾਲ ਨੇ ਆਸਾਨ ਜਿੱਤ ਨਾਲ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਚੌਥੇ ਗੇੜ ਵਿਚ ਥਾਂ ਬਣਾ ਲਈ। ਸਪੇਨ ਦੇ ਸਟਾਰ ਨਡਾਲ ਸ਼ੁੱਕਰਵਾਰ ਨੂੰ ਦੇਰ ਰਾਤ ਰੋਜਰ ਫੈਡਰਰ ਦੇ ਜਾਨ ਮਿਲਮੈਨ ਖ਼ਿਲਾਫ਼ ਰੋਮਾਂਚਕ ਮੁਕਾਬਲੇ ਨੂੰ ਦੇਖਣ ਤੋਂ ਬਾਅਦ ਹਮਵਤਨ ਪਾਬਲੋ ਕਾਰੇਨੋ ਬੁਸਟਾ ਖ਼ਿਲਾਫ਼ ਰਾਡ ਲੇਵਰ ਏਰੀਨਾ 'ਤੇ ਉਤਰੇ ਪਰ ਉਨ੍ਹਾਂ 'ਤੇ ਥਕਾਵਟ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ ਤੇ ਉਨ੍ਹਾਂ ਨੇ ਇਕ ਘੰਟੇ 38 ਮਿੰਟ ਤਕ ਚੱਲੇ ਮਰਦ ਸਿੰਗਲਜ਼ ਦੇ ਤੀਜੇ ਗੇੜ ਦੇ ਮੁਕਾਬਲੇ ਵਿਚ 6-1, 6-2, 6-4 ਨਾਲ ਜਿੱਤ ਦਰਜ ਕੀਤੀ। ਹੋਰ ਨਤੀਜਿਆਂ ਵਿਚ ਆਸਟਰੀਆ ਦੇ ਪੰਜਵਾਂ ਦਰਜਾ ਡੋਮੀਨਿਕ ਥਿਏਮ ਨੇ ਟੇਲਰ ਫਰਿਟਜ ਨੂੰ 6-2, 6-4, 6-7, 6-4 ਨਾਲ, ਰੂਸ ਦੇ ਆਂਦਰੇ ਰੂਬਲੇਵ ਨੇ ਡੇਵਿਡ ਗੋਫਿਨ ਨੂੰ 2-6, 7-6, 6-4, 7-6 ਨਾਲ, ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਫਰਨਾਂਡੋ ਵਰਡਾਸਕੋ ਨੂੰ 6-2, 6-2, 6-4 ਨਾਲ ਹਰਾਇਆ। ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਜਦ ਜਾਨ ਇਸਨਰ ਖ਼ਿਲਾਫ਼ 6-4, 4-1 ਨਾਲ ਅੱਗੇ ਚੱਲ ਰਹੇ ਸਨ ਤਦ ਉਨ੍ਹਾਂ ਦੇ ਵਿਰੋਧੀ ਨੇ ਸੱਟ ਕਾਰਨ ਹਟਣ ਦਾ ਫ਼ੈਸਲਾ ਕੀਤਾ। ਉਥੇ ਗਾਇਲ ਮੋਂਫਿਲਜ਼ ਨੇ ਇਰਨੇਸਟ ਗੁਲਬਿਸ ਨੂੰ 7-6, 6-4, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।

ਹਾਲੇਪ ਵਧੀ ਅੱਗੇ, ਪਲਿਸਕੋਵਾ ਬਾਹਰ

ਵਿੰਬਲਨਡ ਚੈਂਪੀਅਨ ਸਿਮੋਨਾ ਹਾਲੇਪ ਨੇ ਸ਼ਨਿਚਰਵਾਰ ਨੂੰ ਆਸਟ੍ਰੇਲੀਅਨ ਓਪਨ ਵਿਚ ਜਿੱਤ ਨਾਲ ਆਖ਼ਰੀ 16 ਵਿਚ ਥਾਂ ਬਣਾਈ। ਉਥੇ ਅਮਰੀਕਾ ਦੀ ਦਿੱਗਜ ਸੇਰੇਨਾ ਵਿਲੀਅਮਜ਼ ਤੇ ਪਿਛਲੀ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਦੇ ਬਾਹਰ ਹੋਣ ਤੋਂ ਇਕ ਦਿਨ ਬਾਅਦ ਦੂਜਾ ਦਰਜਾ ਕੈਰੋਲਿਨਾ ਪਲਿਸਕੋਵਾ ਦਾ ਸਫ਼ਰ ਵੀ ਮਹਿਲਾਵਾਂ ਦੇ ਡਰਾਅ ਵਿਚ ਸਮਾਪਤ ਹੋ ਗਿਆ। ਇਸ ਤਰ੍ਹਾਂ ਚੋਟੀ ਦਾ ਦਰਜਾ ਮਹਿਲਾ ਖਿਡਾਰੀਆਂ ਵਿਚੋਂ ਪਲਿਸਕੋਵਾ ਤੇ ਓਸਾਕਾ ਦੇ ਹਾਰਨ ਨਾਲ ਹਾਲੇਪ ਤੇ 2016 ਦੀ ਜੇਤੂ ਏਂਜੇਲਿਕ ਕਰਬਰ ਲਈ ਆਸਾਨੀ ਹੋ ਗਈ ਹੈ। ਹਾਲੇਪ ਨੇ ਕਜ਼ਾਕਿਸਤਾਨ ਦੀ ਯੂਲੀਆ ਪੁਤਿੰਤਸੇਵਾ ਨੂੰ 6-1, 6-4 ਨਾਲ ਹਰਾ ਕੇ ਆਖ਼ਰੀ 16 ਵਿਚ ਥਾਂ ਬਣਾਈ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਬੈਲਜੀਅਮ ਦੀ ਏਲਿਸ ਮਰਟੇਂਸ ਨਾਲ ਹੋਵੇਗਾ ਜਿਨ੍ਹਾਂ ਨੇ ਸਿਸੀ ਬੇਲਿਸ ਖ਼ਿਲਾਫ਼ 6-1, 6-7, 6-0 ਨਾਲ ਜਿੱਤ ਦਰਜ ਹਾਸਲ ਕੀਤੀ। ਉਥੇ ਕਰਬਰ ਨੇ ਕੈਮਿਲਾ ਜਾਰਜੀ ਨੂੰ 6-2, 6-7, 6-3 ਨਾਲ ਮਾਤ ਦਿੱਤੀ ਤੇ ਹੁਣ ਉਨ੍ਹਾਂ ਦਾ ਮੁਕਾਬਲਾ ਰੂਸ ਦੀ 30ਵਾਂ ਦਰਜਾ ਅਨਾਸਤਾਸੀਆ ਪਾਵਲੀਯੂਚੇਂਕੋਵਾ ਨਾਲ ਹੋਵੇਗਾ ਜਿਨ੍ਹਾਂ ਨੇ ਪਲਿਸਕੋਵਾ ਨੂੰ 7-6, 7-6 ਨਾਲ ਹਰਾਇਆ। ਸਵਿਟਜ਼ਰਲੈਂਡ ਦੀ ਛੇਵਾਂ ਦਰਜਾ ਬੇਲਿੰਡਾ ਬੇਨਸਿਕ ਸਟੋਨੀਆ ਦੀ ਏਨੇਟ ਕੋਂਟਾਵੇਟ ਖ਼ਿਲਾਫ਼ 0-6, 1-6 ਨਾਲ ਹਾਰ ਕੇ ਬਾਹਰ ਹੋ ਗਈ। ਕ੍ਰੋਏਸ਼ੀਆ ਦੀ 19ਵਾਂ ਦਰਜਾ ਡੋਨਾ ਵੇਕਿਚ ਵੀ ਆਪਣੇ ਤੋਂ ਹੇਠਲੀ ਰੈਂਕਿੰਗ ਦੀ ਪੋਲੈਂਡ ਦੀ ਇਗਾ ਸਵੀਆਟੇਕ ਹੱਥੋਂ 5-7, 3-6 ਨਾਲ ਹਾਰ ਗਈ। ਉਥੇ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਗਰਬਾਈਨ ਮੁਗੁਰੂਜਾ ਨੇ ਪੰਜਵਾਂ ਦਰਜਾ ਏਲੀਨਾ ਸਵੀਤੋਲੀਨਾ ਨੂੰ 6-1, 6-2 ਨਾਲ ਹਰਾਇਆ।