ਮੈਲਬੌਰਨ (ਏਐੱਫਪੀ) : ਸਾਲ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟ੍ਰੇਲੀਅਨ ਓਪਨ ਵਿਚ ਸੋਮਵਾਰ ਨੂੰ ਸਵਿਸ ਸਟਾਰ ਰੋਜਰ ਫੈਡਰਰ ਤੇ ਦੁਨੀਆ ਦੇ ਦੂਜੇ ਨੰਬਰ ਦੇ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਕ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਗੇੜ ਵਿਚ ਥਾਂ ਬਣਾਈ। ਆਪਣੇ 21ਵੇਂ ਗਰੈਂਡ ਸਲੈਮ ਖ਼ਿਤਾਬ ਦੀ ਕਵਾਇਦ ਵਿਚ ਲੱਗੇ 38 ਸਾਲਾ ਫੈਡਰਰ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ 6-3, 6-2, 6-2 ਨਾਲ ਹਰਾਇਆ। ਓਧਰ ਸਾਬਕਾ ਚੈਂਪੀਅਨ ਜੋਕੋਵਿਕ ਨੂੰ ਮਰਦ ਸਿੰਗਲਜ਼ ਦੇ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਜਰਮਨੀ ਦੇ ਜਾਨ ਲੇਨਾਰਡ ਸਟਰਫ ਨੂੰ ਹਰਾਉਣ ਲਈ ਮਿਹਨਤ ਕਰਨੀ ਪਈ। ਮੈਲਬੌਰਨ ਪਾਰਟ ਵਿਚ ਆਪਣੇ ਰਿਕਾਰਡ ਅੱਠਵੇਂ ਖ਼ਿਤਾਬ ਦੀ ਭਾਲ ਵਿਚ ਖੇਡਣ ਉਤਰੇ ਜੋਕੋਵਿਕ ਨੇ ਸਟਰਫ ਨੂੰ 7-6, 6-2, 2-6, 6-1 ਨਾਲ ਹਰਾਇਆ। ਇਸ ਤੋਂ ਇਲਾਵਾ ਯੂਨਾਨ ਦੇ ਸਟੀਫਾਨੋਸ ਸਿਤਸਿਪਾਸ ਨੇ ਇਟਲੀ ਦੇ ਸਾਲਵਾਟੋਰ ਕਾਰੂਸੋ ਨੂੰ 6-0, 6-2, 6-3 ਨਾਲ ਹਰਾਇਆ। ਇਟਲੀ ਦੇ ਅੱਠਵਾਂ ਦਰਜਾ ਮਾਤੀਓ ਬੇਰੇਟੀਨੀ ਤੇ ਅਰਜਨਟੀਨਾ ਦੇ ਗੁਈਡੋ ਪੇਲਾ ਵੀ ਦੂਜੇ ਗੇੜ ਵਿਚ ਪੁੱਜ ਗਏ ਪਰ ਕ੍ਰੋਏਸ਼ੀਆ ਦੇ 25ਵਾਂ ਦਰਜਾ ਬੋਰਨਾ ਕੋਰਿਕ ਦਾ ਸਫ਼ਰ ਪਹਿਲੇ ਗੇੜ ਵਿਚ ਹੀ ਸਮਾਪਤ ਹੋ ਗਿਆ। ਬੇਰੇਟੀਨੀ ਨੇ ਆਸਟ੍ਰੇਲੀਆ ਦੇ ਐਂਡਰੀਊ ਹੈਰਿਸ ਨੂੰ 6-3, 6-1, 6-3 ਨਾਲ ਜਦਕਿ ਪੇਲਾ ਨੇ ਵੀ ਸਥਾਨਕ ਖਿਡਾਰੀ ਜਾਨ ਪੈਟਿ੍ਕ ਸਮਿਥ ਨੂੰ 6-3, 7-6, 6-4 ਨਾਲ ਮਾਤ ਦਿੱਤੀ। ਗ਼ੈਰ ਦਰਜਾ ਅਮਰੀਕਾ ਦ ੇਸੈਮ ਕਵੇਰੀ ਨੇ ਕੋਰਿਕ ਨੂੰ 6-3, 6-4, 6-4 ਨਾਲ ਹਰਾਇਆ। ਕੈਨੇਡਾ ਦੇ 13ਵਾਂ ਦਰਜਾ ਡੇਨਿਸ ਸ਼ਾਪੋਵਾਲੋਵ ਨੂੰ ਪਹਿਲੇ ਗੇੜ ਵਿਚ ਹੰਗਰੀ ਦੇ ਮਾਰਟਿਨ ਫੁਕਸੋਵਿਕਸ ਨੇ 6-3, 6-7, 6-1, 7-6 ਨਾਲ ਹਰਾਇਆ।

ਸੇਰੇਨਾ ਵਧੀ ਅੱਗੇ, ਵੀਨਸ ਨੂੰ ਗਾਫ ਨੇ ਹਰਾਇਆ

ਮੈਲਬੌਰਨ : ਆਪਣੇ 24ਵੈਂ ਗਰੈਂਡ ਸਲੈਮ ਖ਼ਿਤਾਬ ਦੀ ਭਾਲ ਵਿਚ ਖੇਡਣ ਉਤਰੀ ਅਮਰੀਕਾ ਦੀ ਦਿਗੱਜ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਆਸਟ੍ਰੇਲੀਅਨ ਓਪਨ ਵਿਚ ਸੋਮਵਾਰ ਨੂੰ ਦਮਦਾਰ ਸ਼ੁਰੂਆਤ ਕੀਤੀ ਪਰ ਉਨ੍ਹਾਂ ਦੀ ਭੈਣ ਵੀਨਸ ਵਿਲੀਅਮਜ਼ ਉਲਟਫੇਰ ਦਾ ਸ਼ਿਕਾਰ ਹੋ ਗਈ। ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿਚ ਅਮਰੀਕਾ ਦੀ 15 ਸਾਲਾ ਕੋਰੀ ਗਾਫ ਨੇ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ 39 ਸਾਲਾ ਹਮਵਤਨ ਵੀਨਸ ਨੂੰ ਸਿੱਧੇ ਸੈੱਟਾਂ ਵਿਚ 7-6, 6-3 ਨਾਲ ਹਰਾਇਆ। ਸੇਰੇਨਾ ਨੇ ਰੂਸ ਦੀ ਏਨਸਤਾਸੀਆ ਪੋਟਾਪੋਵਾ ਨੂੰ 6-0, 6-3 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਜਾਪਾਨ ਦੀ ਨਾਓਮੀ ਓਸਾਕਾ ਨੇ ਚੈੱਕ ਗਣਰਾਜ ਦੀ ਮੈਰੀ ਬੋਜਕੋਵਾ ਨੂੰ 6-2, 6-4 ਨਾਲ, ਡੈਨਮਾਰਕ ਦੀ ਕੈਰੋਲੀਨਾ ਵੋਜਨਿਆਕੀ ਨੇ ਅਮਰੀਕਾ ਦੀ ਕ੍ਰਿਸਟੀ ਐੱਨ ਨੂੰ 6-1, 6-3 ਨਾਲ ਅਤੇ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਯੂਕਰੇਨ ਦੀ ਲੇਸੀਆ ਸੁਰੇਂਕੋ ਨੂੰ 5-7, 6-1, 6-1 ਨਾਲ ਹਰਾਇਆ।