ਮੈਲਬੌਰਨ (ਏਐੱਫਪੀ) : ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਨਿਕਲੇ ਖ਼ਤਰਨਾਕ ਧੂੰਏਂ ਦਾ ਅਸਰ ਆਸਟ੍ਰੇਲੀਅਨ ਓਪਨ ਦੀਆਂ ਤਿਆਰੀਆਂ 'ਤੇ ਪਿਆ ਜਦ ਮੰਗਲਵਾਰ ਨੂੰ ਇਕ ਕੁਆਲੀਫਾਇਰ ਸਾਹ ਲੈਣ ਵਿਚ ਤਕਲੀਫ਼ ਕਾਰਨ ਰਿਟਾਇਰ ਹੋ ਗਈ ਜਦਕਿ ਯੂਜਿਨੀ ਬੁਚਾਰਡ ਨੂੰ ਡਾਕਟਰੀ ਸਹਾਇਤਾ ਲੈਣੀ ਪਈ। ਮੈਲਬੌਰਨ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ ਇਸ ਸਮੇਂ ਬਹੁਤ ਖ਼ਰਾਬ ਹੈ ਤੇ ਨਗਰ ਪ੍ਰਸ਼ਾਸਨ ਨੇ ਇਸ ਨੂੰ ਖ਼ਤਰਨਾਕ ਕਰਾਰ ਦਿੱਤਾ ਹੈ।

ਇਨ੍ਹਾਂ ਹਾਲਾਤ ਵਿਚ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਕੁਆਲੀਫਾਇੰਗ ਮੁਕਾਬਲੇ ਦੇਰ ਨਾਲ ਸ਼ੁਰੂ ਹੋਏ। ਸਲੋਵੇਨੀਆ ਦੀ ਡਾਲੀਲਾ ਜਾਕੁਪੋਵਿਕ ਨੂੰ ਸਵਿਟਜ਼ਰਲੈਂਡ ਦੀ ਸਟੇਫਾਨੀ ਵੋਏਜੇਲੇ ਖ਼ਿਲਾਫ਼ ਮੈਚ ਵਿਚ ਵਾਰ-ਵਾਰ ਖੰਘ ਆਉਣ ਤੋਂ ਬਾਅਦ ਪਿੱਛੇ ਹਟਣਾ ਪਿਆ। ਉਥੇ ਬੁਚਾਰਡ ਨੂੰ ਛਾਤੀ ਵਿਚ ਤਕਲੀਫ ਕਾਰਨ ਮੈਡੀਕਲ ਟਾਈਮ ਆਊਟ ਲੈਣਾ ਪਿਆ। ਬਾਅਦ ਵਿਚ ਉਨ੍ਹਾਂ ਨੇ ਤੀਜਾ ਸੈੱਟ ਤੇ ਮੈਚ ਜਿੱਤਿਆ। ਮਾਰੀਆ ਸ਼ਾਰਾਪੋਵਾ ਨੂੰ ਵੀ ਇਕ ਨੁਮਾਇਸ਼ੀ ਮੈਚ ਵਿਚ ਵਾਰ ਵਾਰ ਖੰਘ ਕਾਰਨ ਬ੍ਰੇਕ ਲੈਣੀ ਪਈ।

ਪ੍ਰਜਨੇਸ਼ ਅੱਗੇ ਵਧੇ, ਰਾਮਕੁਮਾਰ ਤੇ ਅੰਕਿਤਾ ਹਾਰ ਕੇ ਹੋਏ ਬਾਹਰ

ਭਾਰਤੀ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਮੰਗਲਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਕੁਆਲੀਫਾਇਰਜ਼ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ ਜਦਕਿ ਰਾਮਕੁਮਾਰ ਰਾਮਨਾਥਨ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਮੈਚ ਹਾਰ ਕੇ ਬਾਹਰ ਹੋ ਗਏ। ਪ੍ਰਜਨੇਸ਼ ਨੇ ਸਥਾਨਕ ਖਿਡਾਰੀ ਹੈਰੀ ਬਾਊਰਚਿਅਰ ਨੂੰ 6-2, 6-4 ਨਾਲ ਹਰਾਇਆ। ਦੂਜੇ ਗੇੜ ਵਿਚ ਉਨ੍ਹਾਂ ਦਾ ਮੁਕਾਬਲਾ ਜਰਮਨੀ ਦੇ ਯਾਨਿਕ ਹਾਂਫਮੈਨ ਨਾਲ ਹੋਵੇਗਾ।

ਰਾਮਕੁਮਾਰ ਨੇ ਅਰਜਨਟੀਨਾ ਦੇ 15ਵਾਂ ਦਰਜਾ ਹਾਸਲ ਫੈਡਰਿਕੋ ਕੋਰੀਆ ਖ਼ਿਲਾਫ਼ ਬੜ੍ਹਤ ਬਣਾਈ ਸੀ ਪਰ ਆਖ਼ਰ ਵਿਚ ਉਨ੍ਹਾਂ ਨੂੰ 6-4, 4-6, 1-6 ਨਾਲ ਹਾਰ ਸਹਿਣੀ ਪਈ। ਮਹਿਲਾ ਕੁਆਲੀਫਾਇਰਜ਼ ਵਿਚ ਭਾਰਤ ਦੀ ਇੱਕੋ ਇਕ ਖਿਡਾਰਨ ਅੰਕਿਤਾ ਰੈਣਾ ਬੁਲਗਾਰੀਆ ਦੀ ਵਿਕਟੋਰੀਆ ਤੋਮੋਵਾ ਹੱਥੋਂ 2-6, 6-7 ਨਾਲ ਹਾਰ ਗਈ।