ਨਵੀਂ ਦਿੱਲੀ (ਏਜੰਸੀ) : ਬੀਸੀਸੀਆਈ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਸਟ੫ੇਲੀਆ ਦੇ ਭਾਰਤ 'ਚ ਸੀਮਤ ਓਵਰ ਦੌਰੇ ਦੇ ਪਹਿਲੇ ਮੈਚ ਦੀ ਮੇਜਬਾਨੀ ਬੈਂਗਲੁਰੂ ਕਰੇਗਾ, ਜਿਸ 'ਚ 24 ਫਰਵਰੀ ਨੂੰ ਟੀ-20 ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਦੂਜਾ ਟੀ-20 ਮੈਚ 27 ਫਰਵਰੀ ਨੂੰ ਵਿਸ਼ਾਖਾਪੱਤਨਮ 'ਚ ਖੇਡਿਆ ਜਾਵੇਗਾ। ਇਸ ਮਗਰੋਂ ਪੰਜ ਵਨ-ਡੇ ਦੀ ਸੀਰੀਜ਼ ਹੋਵੇਗੀ. ਪਹਿਲਾ ਵਨ-ਡੇ ਦੋ ਮਾਰਚ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ। ਇਸ ਮਗਰੋਂ ਪੰਜ ਮਾਰਚ ਨੂੰ ਨਾਗਪੁਰ 'ਚ, ਅੱਠ ਮਾਰਚ ਨੂੰ ਰਾਂਜੀ 'ਚ, 10 ਮਾਰਚ ਨੂੰ ਮੋਹਾਲੀ 'ਚ ਅਤੇ 13 ਮਾਰਚ ਨੂੰ ਨਵੀਂ ਦਿੱਲੀ 'ਚ ਮੈਚ ਖੇਡੇ ਜਾਣਗੇ।

ਬੀਸੀਸੀਆਈ ਦੇ ਪ੍ਰੈੱਸ ਨੋਟ ਅਨੁਸਾਰ, ਦੋਵੇਂ ਟੀ-20 ਮੈਚ ਰਾਤ ਦੇ ਮੈਚ ਹੋਣਗੇ, ਜੋ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਣਗੇ। ਉਥੇ, ਪੰਜ ਵਨ-ਡੇ ਮੈਚ ਡੇ-ਨਾਈਟ ਹੋਣਗੇ, ਜੋ ਦੁਪਹਿਰ ਇਕ ਵਜ ਕੇ 30 ਮਿੰਟ ਤੋਂ ਸ਼ੁਰੂ ਹੋਣਗੇ। ਆਸਟ੫ੇਲੀਆ ਲਈ ਇਹ ਵਿਸ਼ਵ ਕੱਪ ਤੋਂ ਪਹਿਲਾਂ ਅੰਤਿਮ ਕੌਮਾਂਤਰੀ ਦੌਰਾ ਹੋਵੇਗਾ। ਵਿਸ਼ਵ ਕੱਪ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਵੇਗਾ। ਭਾਰਤ ਇਸ ਸੀਰੀਜ਼ ਮਗਰੋਂ ਜਿੰਮਬਾਬੇ ਨਾਲ ਇਕ ਘਰੇਲੂ ਸੀਰੀਜ਼ ਖੇਡੇਗਾ, ਜਿਸ ਮਗਰੋਂ ਖਿਡਾਰੀ ਵਿਸ਼ਵ ਕੱਪ ਤੋਂ ਪਹਿਲਾਂ ਆਈਪੀਐੱਲ 'ਚ ਹਿੱਸਾ ਲੈਣਗੇ।