ਮੈਲਬੌਰਨ : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਸੱਟ ਕਾਰਨ 24 ਫਰਵਰੀ ਤੋਂ ਸ਼ੁਰੂ ਹੋ ਰਹੇ ਭਾਰਤੀ ਦੌਰੇ ਲਈ ਟੀਮ 'ਚ ਨਹੀਂ ਚੁਣਿਆ ਗਿਆ ਹੈ। ਇਸ ਦੌਰੇ 'ਤੇ ਆਸਟ੍ਰੇਲੀਆਈ ਟੀਮ ਪੰਜ ਵਨ-ਡੇ ਤੇ ਦੋ ਟੀ-20 ਮੈਚ ਖੇਡੇਗੀ। ਇਸ ਮਹੱਤਵਪੂਰਨ ਸੀਰੀਜ਼ 'ਚ ਆਰੋਨ ਫਿੰਚ ਹੀ ਟੀਮ ਦੀ ਕਪਤਾਨੀ ਕਰਨਗੇ।

ਸੱਟ ਕਾਰਨ 29 ਸਾਲਾ ਸਟਾਰਕ ਦੌਰੇ ਲਈ ਉਪਲਬਧ ਨਹੀਂ ਹਨ, ਜਦਕਿ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਆਸਟ੍ੇਲੀਆਈ ਟੀਮ 'ਚ ਥਾਂ ਨਹੀਂ ਮਿਲੀ ਹੈ। ਸਟਾਰਕ ਨੂੰ ਸ੍ਰੀਲੰਕਾ ਖ਼ਿਲਾਫ਼ ਕੈਨਬਰਾ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਆਖ਼ਰੀ ਦਿਨ ਗੇਂਦਬਾਜ਼ੀ ਕਰਦੇ ਹੋਏ ਸੱਟ ਲੱਗੀ ਸੀ। ਆਸਟ੍ਰੇਲੀਆ ਦੇ 27 ਸਾਲ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦੀ ਜੂਨ 2018 ਮਗਰੋਂ ਟੀਮ 'ਚ ਵਾਪਸੀ ਹੋ ਰਹੀ ਹੈ।

ਉਨ੍ਹਾਂ 2018-19 ਬਿਗ ਬੈਸ਼ ਲੀਗ 'ਚ ਹੁਣ ਤਕ ਸਭ ਤੋਂ ਵੱਧ 22 ਵਿਕਟ ਲਏ, ਜਿਸ ਕਾਰਨ ਉਨ੍ਹਾਂ ਨੂੰ ਟੀਮ 'ਚ ਥਾਂ ਮਿਲੀ ਹੈ। ਮਾਰਸ਼ ਤੋਂ ਇਲਾਵਾ ਪੀਟਰ ਸਿਡਲ ਤੇ ਬਿਲੀ ਸਟੇਨਲੇਕ ਨੂੰ ਵੀ ਬਾਹਰ ਕੀਤਾ ਗਿਆ ਹੈ। ਦੋਵੇਂ ਖਿਡਾਰੀ ਪਿਛਲੇ ਮਹੀਨੇ ਭਾਰਤ ਖ਼ਿਲਾਫ਼ ਘਰੇਲੂ ਸੀਰੀਜ਼ 'ਚ ਟੀਮ 'ਚ ਸ਼ਾਮਲ ਸਨ। ਰਾਸ਼ਟਰੀ ਚੋਣ ਕਰਤਾ ਟਰੇਵਰ ਹੋਂਸ ਨੇ ਕਿਹਾ ਕਿ ਮਾੜੀ ਕਿਸਮਤ ਨਾਲ ਸਟਾਰਕ ਨੂੰ ਕੈਨਬਰਾ ਟੈਸਟ ਮੈਚ ਦੇ ਆਖ਼ਰੀ ਦਿਨ ਗੇਂਦਬਾਜ਼ੀ ਕਰਦੇ ਹੋਏ ਸੱਟ ਲੱਗ ਗਈ, ਜਿਸ ਕਾਰਨ ਉਹ ਭਾਰਤੀ ਦੌਰੇ ਲਈ ਫਿੱਟ ਨਹੀਂ ਹਨ, ਪਰ ਮਾਰਚ 'ਚ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਪਾਕਿਸਤਾਨ ਖ਼ਿਲਾਫ਼ ਵਨ-ਡੇ ਸੀਰੀਜ਼ ਤਕ ਉਹ ਵਾਪਸੀ ਕਰ ਲੈਣਗੇ।

ਪਿੱਠ ਦੇ ਹੇਠਲੇ ਹਿੱਸੇ 'ਚ ਸੱਟ ਤੋਂ ਉਭਰ ਰਹੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਦੀ ਗ਼ੈਰ ਮੌਜੂਦਗੀ 'ਚ ਸੰਯੁਕਤ ਰੂਪ ਨਾਲ ਪੈਟ ਕਮਿੰਸ ਤੇ ਐਲੇਕਸ ਕੈਰੀ ਉਪ ਕਪਤਾਨ ਬਣਾਏ ਗਏ ਹਨ। ਸ੍ਰੀਲੰਕਾਂ ਵਿਰੁੱਧ ਵੀ ਇਹ ਦੋਵੇਂ ਇਸੇ ਭੂਮਿਕਾ 'ਚ ਸਨ।

ਟੀਮ : ਆਰੋਨ ਫਿੰਚ (ਕਪਤਾਨ), ਪੈਟ ਕਮਿੰਸ, ਐਲੇਕਸ ਕੈਰੀ, ਜੇਸਨ ਬੇਹਰੇਨਡਾਰਫ, ਨਾਥਨ ਕੂਲਟਰ ਨੀਲ, ਪੀਟਰ ਹੈਂਡਸਕੋਂਬ, ਉਸਮਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੇਨ ਮੈਕਸਵੇਲ, ਜੇਈ ਰਿਚਰਡਸਨ, ਕੇਨ ਰਿਚਰਡਸਨ, ਡੀਆਰਚੀ ਸ਼ਾਰਟ, ਮਾਰਕਸ ਸਟੋਈਨਿਸ, ਏਸ਼ਟਨ ਟਰਨਰ, ਐਡਮ ਜਾਂਪਾ।

ਆਸਟ੍ਰੇਲੀਆ ਦੇ ਗੇਂਦਬਾਜ਼ੀ ਕੋਚ ਸੇਕਰ ਦਾ ਅਸਤੀਫਾ

ਮੈਲਬੌਰਨ : ਆਸਟ੍ਰੇਲੀਆ ਦੇ ਗੇਂਦਬਾਜ਼ੀ ਕੋਚ ਡੇਵਿਡ ਸੇਕਰ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਸੈਕਰ ਨੇ 2016 'ਚ ਮੈਕਡਰਮਾਟ ਦੀ ਥਾਂ ਅਹੁਦਾ ਸੰਭਾਲਿਆ ਸੀ, ਪਰ ਉਨ੍ਹਾਂ ਤੁਰੰਤ ਪ੍ਭਾਵ ਨਾਲ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ਟਰਾਏ ਕੂਲੇ ਨੂੰ ਭਾਰਤ ਤੇ ਪਾਕਿਸਤਾਨ ਖ਼ਿਲਾਫ਼ ਆਗਾਮੀ ਵਨ-ਡੇ ਸੀਰੀਜ਼ ਲਈ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ।

ਆਸਟ੍ਰੇਲੀਆ ਦੇ ਭਾਰਤ ਦੌਰੇ ਦਾ ਪ੍ਰੋਗਰਾਮ

ਮੈਚ, ਥਾਂ, ਤਰੀਕ

ਪਹਿਲਾ ਟੀ-20, ਵਿਸ਼ਾਖਾਪੱਤਨਮ, 24 ਫਰਵਰੀ

ਦੂਜਾ ਟੀ-20, ਬੈਂਗਲੁਰੂ, 27 ਫਰਵਰੀ

ਪਹਿਲਾ ਵਨ-ਡੇ, ਹੈਦਰਾਬਾਦ, 02 ਮਾਰਚ

ਦੂਜਾ ਵਨ-ਡੇ, ਨਾਗਪੁਰ, 05 ਮਾਰਚ

ਤੀਜਾ ਵਨ-ਡੇ, ਰਾਂਚੀ, 08 ਮਾਰਚ

ਚੌਥਾ ਵਨ-ਡੇ, ਚੰਡੀਗੜ੍ਹ, 10 ਮਾਰਚ

ਪੰਜਵਾਂ ਵਨ-ਡੇ, ਦਿੱਲੀ, 13 ਮਾਰਚ

* ਚੋਣ

* ਸੱਟ ਕਾਰਨ ਹੋਏ ਬਾਹਰ, ਕੇਨ ਰਿਚਰਡਸਨ ਦੀ ਵਾਪਸੀ

* ਮਿਸ਼ੇਲ ਮਾਰਸ਼, ਸਟੇਨਲੇਕ ਤੇ ਸਿਡਲ ਵੀ ਟੀਮ 'ਚ ਨਹੀਂ